ਪੱਤਰ ਪ੍ਰੇਰਕ
ਮੁਕੇਰੀਆਂ, 5 ਜੁਲਾਈ
ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਸਬ-ਤਹਿਸੀਲ ਗੜ੍ਹਦੀਵਾਲਾ ਵਿੱਚ ਜਨਤਕ ਕੈਂਪ ਦੌਰਾਨ ਲੋਕਾਂ ਦੀਆਂ ਮਾਲ ਵਿਭਾਗ ਨਾਲ ਸਬੰਧਤ ਮੁਸ਼ਕਲਾਂ ਸੁਣੀਆਂ। ਇਸ ਮੌਕੇ ਸਾਹਮਣੇ ਆਈਆਂ ਕਰੀਬ 30 ’ਚੋਂ 24 ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਬੇੜਾ ਕੀਤਾ ਗਿਆ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੇ ਮਸਲੇ ਸਮਾਂਬੱਧ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੜ੍ਹਦੀਵਾਲਾ ਸਬ-ਤਹਿਸੀਲ ਨਾਲ ਸਬੰਧਤ ਲੋਕਾਂ ਦੇ ਇੰਤਕਾਲ, ਤਕਸੀਮ ਕਰਵਾਉਣ, ਰਜਿਸਟਰੀ ਕਰਵਾਉਣ ਵਰਗੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਵਿੱਚ ਹੋ ਰਹੀ ਦੇਰੀ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਰਾਜਾ ਨੇ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਲੋਕਾਂ ਦੇ ਇੰਤਕਾਲ ਨਾਲ ਸਬੰਧਤ ਮਾਮਲੇ ਹਫਤੇ ਦੇ ਵਿੱਚ-ਵਿੱਚ ਨਿਪਟਾਉਣ ਲਈ ਹਦਾਇਤ ਕੀਤੀ ਗਈ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਸ਼ਹਿਰੀ ਪ੍ਰਧਾਨ ਹਰਭਜਨ ਸਿੰਘ ਢੱਟ, ਸਰਕਲ ਪ੍ਰਧਾਨ ਮਾਸਟਰ ਰਛਪਾਲ ਸਿੰਘ ਆਦਿ ਵੀ ਹਾਜ਼ਰ ਸਨ।