ਪੱਤਰ ਪ੍ਰੇਰਕ
ਗੜ੍ਹਸ਼ੰਕਰ, 21 ਜੂਨ
ਪੰਜਾਬ ਸਰਕਾਰ ਵੱਲੋਂ ਅੱਜ ਇੱਕ ਪੱਤਰ ਜਾਰੀ ਕਰ ਕੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸਥਾਨਕ ਤਹਿਸੀਲ ਦੇ ਪਿੰਡ ਰਾਮਪੁਰ ਬਿਲੜੋਂ ਦੀ ਪੰਚਾਇਤ ਦੁਆਰਾ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰ ਚਾਲਕਾਂ ਨੂੰ ਪਿੰਡ ਦੇ ਜੰਗਲਾਤ ਰਕਬੇ ਵਿੱਚੋਂ ਦਿੱਤੇ ਨਾਜਾਇਜ਼ ਲਾਂਘੇ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪਿਛਲੇ ਕਰੀਬ ਛੇ-ਸੱਤ ਮਹੀਨਿਆਂ ਤੋਂ ਪਿੰਡ ਰਾਮਪੁਰ ਬਿਲੜੋਂ ਦੀ ਪੰਚਾਇਤ ਵੱਲੋਂ ਕਰੱਸ਼ਰ ਚਾਲਕਾਂ ਨੂੰ ਇਹ ਲਾਂਘਾ 33 ਸਾਲਾ ਲੀਜ਼ ’ਤੇ ਦੇ ਦਿੱਤਾ ਗਿਆ ਸੀ। ਇਸ ਰਸਤੇ ਰਾਹੀਂ ਹਿਮਾਚਲ ਪ੍ਰਦੇਸ਼ ਤੋਂ ਖਣਨ ਸਮੱਗਰੀ ਦੇ ਭਾਰੀ ਵਾਹਨ ਜੰਗਲ ਦੇ ਰਸਤੇ ਪੰਜਾਬ ਵਿੱਚ ਦਾਖ਼ਲ ਹੁੰਦੇ ਸਨ। ਇਸ ਨਾਲ ਸ਼ਿਵਾਲਿਕ ਪਹਾੜਾਂ ਤੇ ਜੰਗਲੀ ਧਰੋਹਰ ਦਾ ਵੱਡਾ ਨੁਕਸਾਨ ਹੋ ਰਿਹਾ ਸੀ।
ਦੱਸਣਯੋਗ ਹੈ ਕਿ ਇਸ ਨਾਜਾਇਜ਼ ਲਾਂਘੇ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਮੁੱਖਤਾ ਨਾਲ ਖ਼ਬਰਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। ਕੰਢੀ ਸੰਘਰਸ਼ ਕਮੇਟੀ ਵੱਲੋਂ ਵੀ ਇਸ ਨਾਜਾਇਜ਼ ਖਣਨ ਵਿਰੱਧ ਸੰਘਰਸ਼ ਵਿੱਢਿਆ ਗਿਆ ਸੀ। 15 ਮਈ ਨੂੰ ਆਰਟੀਆਈ ਕਾਰਕੁਨ ਪਰਮਿੰਦਰ ਸਿੰਘ ਕਿੱਤਣਾ ਵੱਲੋਂ ਮਾਈਨਿੰਗ ਅਤੇ ਜਿਓਲੋਜ਼ੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਸ਼ਿਕਾਇਤ ਵੀ ਭੇਜੀ ਗਈ ਸੀ। ਇਸ ਵਿਚ ਪੰਚਾਇਤ ਵੱਲੋਂ ਗ਼ਲਤ ਢੰਗ ਨਾਲ ਪੰਚਾਇਤੀ ਜ਼ਮੀਨ ਨੂੰ ਲੀਜ਼ ’ਤੇ ਦੇ ਕੇ ਇਸ ਜੰਗਲੀ ਧਰੋਹਰ ਦੀ ਹੋ ਰਹੀ ਬਰਬਾਦੀ ਰੋਕਣ ਬਾਰੇ ਲਿਖਿਆ ਗਿਆ ਸੀ। ਇਸ ਸਬੰਧੀ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਪੜਤਾਲ ਕੀਤੀ ਗਈ ਜਿਸ ਦੇ ਆਧਾਰ ’ਤੇ ਆਪਣੇ ਪੱਤਰ ਨੰਬਰ-68 ਰਹੀਂ ਇਸ ਰਸਤੇ ਨੂੰ ਤੁਰੰਤ ਬੰਦ ਕਰਨ ਲਈ ਸਬੰਧਤ ਵਿਭਾਗਾਂ ਨੂੰ ਪੱਤਰ ਜਾਰੀ ਕੀਤਾ ਗਿਆ। ਇਸ ਪੱਤਰ ਵਿਚ ਡੀਸੀ ਹੁਸ਼ਿਆਰਪੁਰ, ਡਿਵੀਜ਼ਨਲ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਤਹਿਸੀਲਦਾਰ ਗੜ੍ਹਸ਼ੰਕਰ, ਬੀਡੀਪੀਓ ਗੜ੍ਹਸ਼ੰਕਰ, ਸਰਪੰਚ ਪਿੰਡ ਰਾਮਪੁਰ ਸਣੇ ਆਰਐੱਸ ਸਟੋਨ ਕਰੱਸ਼ਰ ਚਾਲਕ ਨੂੰ ਲਿਖਿਆ ਗਿਆ ਹੈ ਕਿ ਸਬੰਧਿਤ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਰਕਬਾ 1875 ਮੀਟਰ ਲੰਬਾਈ ਤੇ 5 ਮੀਟਰ ਚੌੜਾਈ ਦੇ ਹਿਸਾਬ ਨਾਲ ਕਰੱਸ਼ਰ ਚਾਲਕ ਨੂੰ 33 ਸਾਲ ਲਈ ਲੀਜ਼ ’ਤੇ ਦਿੱਤੀ ਜ਼ਮੀਨ ਦੀ ਨਾਜਾਇਜ਼ ਖਣਨ ਲਈ ਦੁਰਵਰਤੋਂ ਹੋ ਰਹੀ ਹੈ। ਇਸ ਸਮਝੌਤੇ ਨੂੰ ਤੁਰੰਤ ਰੱਦ ਕੀਤਾ ਜਾਂਦਾ ਹੈ। ਪੱਤਰ ਵਿੱਚ ਬੀਡੀਪੀਓ ਗੜ੍ਹਸ਼ੰਕਰ ਨੂੰ ਰਸਤਾ ਬੰਦ ਕਰਨ ਅਤੇ ਮਾਲ ਰਿਕਾਰਡ ਵਿਚ ਗ੍ਰਾਮ ਪੰਚਾਇਤ ਦੇ ਨਾਂ ਇੰਦਰਾਜ ਅਮਲ ਦਰਾਮਦ ਕਰਨ ਸਬੰਧੀ ਵੀ ਨਿਰਦੇਸ਼ ਦਿੱਤੇ ਗਏ ਹਨ।
ਇਸ ਸਬੰਧੀ ਪਰਮਿੰਦਰ ਸਿੰਘ ਕਿੱਤਣਾ ਨੇ ਕਿਹਾ ਕਿ ਇਸ ਨਾਜਾਇਜ਼ ਲਾਂਘੇ ਨਾਲ ਹੋਏ ਸਮੁੱਚੇ ਨੁਕਸਾਨ ਦੀ ਭਰਪਾਈ ਲਈ ਮੁੱਖ ਮੰਤਰੀ ਅਤੇ ਵਿਜੀਲੈਂਸ ਬਿਊਰੋ ਨੂੰ ਵੱਖਰੀ ਸ਼ਿਕਾਇਤ ਭੇਜੀ ਗਈ ਹੈ।