ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 11 ਅਕਤੂਬਰ
ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਐਂਪਲਾਈਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ। ਇਸ ਮੀਟਿੰਗ ਵਿੱਚ ਜਥੇਬੰਦੀ ਵੱਲੋਂ ਆਪਣੀਆਂ ਭਖਦੀਆਂ ਮੰਗਾਂ ’ਤੇ ਵਿਚਾਰਾਂ ਕੀਤੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਹਿਕਮੇ ’ਚ ਕੰਮ ਕਰਦੇ ਇਨਲਿਸਟਮੈਂਟ ਵਾਲੇ ਵਰਕਰਾਂ ਨੂੰ ਪਾਲਸੀ ਬਣਾ ਕੇ ਮਹਿਕਮੇ ਅੰਦਰ ਲਿਆਂਦਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਰੈਗੂਲਰ ਹੋਣ ਵਾਲੀ ਪਾਲਸੀ ਵਿਚ ਇਨ੍ਹਾਂ ਦਾ ਨਾਂ ਵੀ ਸ਼ਾਮਲ ਹੋ ਸਕੇ, ਰੈਗੂਲਰ ਦਰਜਾ ਤਿੰਨ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰੋ ਤਰੱਕੀਆਂ ਦਿੱਤੀਆਂ ਜਾਣ ਕਿਉਂਕਿ ਇਹ ਉਹ ਮੁਲਾਜ਼ਮ ਹਨ, ਜੋ ਜਿਸ ਪੋਸਟ ’ਤੇ ਭਰਤੀ ਹੁੰਦੇ ਹਨ, ਉਸ ਪੋਸਟ ’ਤੇ ਹੀ ਰਿਟਾਇਰ ਹੋ ਜਾਂਦੇ ਹਨ, ਜਦਕਿ ਇਨ੍ਹਾਂ ਦੀ ਡਿਊਟੀ ਐਮਰਜੈਂਸੀ ਚੌਵੀ ਘੰਟੇ ਕਰ ਕੇ ਪਿੰਡਾਂ ਵਿੱਚ ਇਹ ਪਾਣੀ ਦੀ ਸਪਲਾਈ ਚਲਾਉਂਦੇ ਹਨ ਅਤੇ ਬਦਕਿਸਮਤੀ ਨਾਲ ਇਨ੍ਹਾਂ ਨੂੰ ਕੋਈ ਵੀ ਹਫਤਾਵਾਰੀ ਛੁੱਟੀ ਨਹੀਂ ਮਿਲਦੀ। ਇਸ ਮੀਟਿੰਗ ਵਿੱਚ ਨਰਿੰਦਰ ਸਿੰਘ, ਰਾਮ ਲਾਲ, ਰਾਜਨ ਕੁਮਾਰ, ਰਵੀ ਕੁਮਾਰ, ਭੋਪਾਲ ਸਿੰਘ, ਜਸਵੰਤ ਸਿੰਘ, ਛੇਦੀ ਲਾਲ, ਅਸ਼ਵਨੀ ਕੁਮਾਰ ਆਦਿ ਮੈਂਬਰ ਸ਼ਾਮਲ ਹੋਏ।