ਪਾਲ ਸਿੰਘ ਨੌਲੀ
ਜਲੰਧਰ, 14 ਮਈ
ਪਿਛਲੇ ਦੋ ਦਿਨਾਂ ਤੋਂ ਪੈ ਰਹੀ ਗਰਮੀ ਨੇ ਜਨਜੀਵਨ ਨੂੰ ਲੀਹ ਤੋਂ ਲਾਹ ਦਿੱਤਾ ਹੈ। ਅਤਿ ਦੀ ਪੈ ਰਹੀ ਗਰਮੀ ਕਾਰਨ ਭੀੜ-ਭੜੱਕੇ ਵਾਲੇ ਬਾਜ਼ਾਰ ਤੇ ਤੇਜ਼ ਆਵਾਜਾਈ ਵਾਲੀਆਂ ਸੜਕਾਂ ਸੁੰਨੀਆਂ ਨਜ਼ਰ ਆਉਂਦੀਆਂ ਹਨ। ਸਵੇਰੇ 9 ਵਜੇ ਤੋਂ ਹੀ ਲੂ ਵਗਣ ਲੱਗ ਪੈਂਦੀ ਹੈ ਅਤੇ ਸਿਖਰ ਦੁਪਹਿਰ ਤੱਕ ਇੰਜ ਲੱਗਦਾ ਸੀ ਜਿਵੇਂ ਅੱਗ ਵਰ੍ਹ ਰਹੀ ਹੋਵੇ। ਦੋਪਹੀਆ ਵਾਹਨਾਂ ’ਤੇ ਜਾਣ ਵਾਲੇ ਲੋਕਾਂ ਵੱਲੋਂ ਆਪਣਾ ਮੂੰਹ-ਸਿਰ ਢਕਣ ਦੇ ਨਾਲ-ਨਾਲ ਬਾਹਵਾਂ ਨੂੰ ਵੀ ਉਚੇਚੇ ਤੌਰ ’ਤੇ ਢਕਿਆ ਜਾ ਰਿਹਾ ਹੈ। ਡਾਕਟਰ ਇਹ ਰਾਏ ਦੇ ਰਹੇ ਹਨ ਕਿ ਜਿੱਥੋਂ ਤੱਕ ਹੋ ਸਕੇ ਗਰਮੀ ਵਿੱਚ ਬਾਹਰ ਨਾ ਨਿਕਲਿਆ ਜਾਵੇ ਤੇ ਖਾਸ ਕਰਕੇ ਨੰਗੇ ਸਿਰ ਤਾਂ ਬਿਲਕੁਲ ਵੀ ਮੋਟਰਸਾਈਕਲਾਂ ’ਤੇ ਸਫਰ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਭੀੜ ਭੜੱਕੇ ਵਾਲੇ ਜੋਤੀ ਚੌਕ ਵਿੱਚ ਲੱਗੀਆਂ ਫਲਾਂ ਵਾਲੀਆਂ ਰੇਹੜੀਆਂ ਵਾਲੇ ਵੀ ਵਿਹਲੇ ਹੀ ਬੈਠੇ ਨਜ਼ਰ ਆਏ ਕਿਉਂਕਿ ਗਰਮੀ ਕਾਰਨ ਬਾਜ਼ਾਰ ਵਿੱਚ ਕੋਈ ਗਹਿਮਾ-ਗਹਿਮੀ ਨਹੀਂ ਸੀ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਅਤਿ ਦੀ ਗਰਮੀ ਕਾਰਨ ਪਿੰਡਾਂ ਵਿੱਚੋਂ ਵੀ ਲੋਕ ਸ਼ਹਿਰਾਂ ਨੂੰ ਘੱਟ ਆ ਰਹੇ ਹਨ ਤੇ ਉਨ੍ਹਾਂ ਦੇ ਕਾਰੋਬਾਰ ਇਕ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਏ ਹਨ। ਰੇਲਵੇ ਸਟੇਸ਼ਨ ਤੇ ਬੱਸ ਅੱਡਿਆਂ ’ਤੇ ਬਹੁਤੇ ਰਿਕਸ਼ਾ ਚਾਲਕ ਵੀ ਵਿਹਲੇ ਹੀ ਨਜ਼ਰ ਆਏ। ਉਹ ਵੀ ਦਰੱਖਤਾਂ ਦੀ ਛਾਵੇਂ ਆਪਣੇ ਰਿਕਸ਼ਿਆਂ ’ਤੇ ਹੀ ਆਰਾਮ ਕਰ ਰਹੇ ਸਨ।
ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਿਹਾ ਜਦਕਿ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਮਾਪਿਆ ਗਿਆ। ਭਲ੍ਹਕੇ ਐਤਵਾਰ ਨੂੰ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਜਾਣ ਬਾਰੇ ਭਵਿੱਖਬਾਣੀ ਕੀਤੀ ਗਈ ਹੈ। ਉਧਰ ਸਕੂਲਾਂ ਵਿਚ ਅੱਜ ਛੁੱਟੀ ਹੋਣ ਕਾਰਨ ਬੱਚੇ ਨਹਿਰਾਂ ਅਤੇ ਖੂਹਾਂ ’ਤੇ ਜਾ ਕੇ ਨਹਾਉਂਦੇ ਰਹੇ।
ਭੁਲੱਥ (ਦਲੇਰ ਸਿੰਘ ਚੀਮਾ): ਅੱਤ ਦੀ ਪੈ ਰਹੀ ਗਰਮੀ ਕਾਰਨ ਇੱਥੋਂ ਦੇ ਬਾਜ਼ਾਰਾਂ ਵਿੱਚ ਸੁੰਨ ਪਸਰੀ ਰਹੀ। ਗਰਮੀ ਕਰਕੇ ਲੋਕ ਘਰਾਂ ਤੋਂ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਸਬਜ਼ੀ ਦੀ ਦੁਕਾਨ ਕਰਦੇ ਬਿੱਟੂ ਸ਼ਰਮਾ, ਕੱਪੜੇ ਦਾ ਦੁਕਾਨ ਕਰਦੇ ਅਸ਼ੋਕ ਕੁਮਾਰ, ਫੋਟੋਗ੍ਰਾਫਰ ਬਲਵੀਰ ਸਿੰਘ ਤੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਪੈ ਰਹੀ ਗਰਮੀ ਕਾਰਨ ਲੋਕਾਂ ਦੇ ਘਰਾਂ ਤੋਂ ਬਾਹਰ ਨਾ ਆਉਣ ਕਾਰਨ ਉਨ੍ਹਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਇਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਤਰਸਯੋਗ ਹੋ ਰਹੀ ਹੈ। ਪਿੰਡਾਂ ਵਿੱਚ ਗਰਮੀ ਕਾਰਨ ਹਰਾ ਚਾਰਾ ਦੀ ਕਮੀ ਹੋ ਰਹੀ ਹੈ ਅਤੇ ਦੁਧਾਰੂ ਪਸ਼ੂਆਂ ਦਾ ਦੁੱਧ ਘੱਟਣਾ ਸ਼ੁਰੂ ਹੋ ਗਿਆ ਹੈ ਤੇ ਵਲਾਇਤੀ ਗਊਆਂ ਬਿਮਾਰ ਹੋ ਰਹੀਆਂ ਹਨ। ਸਮਾਜ ਸੇਵੀ ਸੰਸਥਾ ਮੇਰਾ ਪਿੰਡ ਭੁਲੱਥ ਦੇ ਵਰਕਰਾਂ ਵੱਲੋਂ ਆਮ ਲੋਕਾਂ ਨੂੰ ਬੂਟੇ ਲਾਉਣ, ਪਾਣੀ ਬਚਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੱਧ ਰਹੀ ਗਰਮੀ ਦੇ ਪ੍ਰਭਾਵ ਨੂੰ ਘੱਟ ਕੀਤਾ ਜਾਵੇ।