ਪਾਲ ਸਿੰਘ ਨੌਲੀ
ਜਲੰਧਰ, 17 ਜੂਨ
ਕਿਸਾਨਾਂ ਵੱਲੋਂ ਪੈਦਾ ਕੀਤੀ ਮੱਕੀ ਜਦੋਂ ਮੰਡੀਆਂ ਵਿਚ ਆਈ ਤਾਂ ਵਪਾਰੀ ਨੱਕ-ਬੁੱਲ੍ਹ ਵੱਟ ਰਹੇ ਹਨ। ਕੇਂਦਰ ਸਰਕਾਰ ਵੱਲੋਂ ਕਹਿਣ ਨੂੰ ਤਾਂ 1850 ਰੁਪਏ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਤੈਅ ਕੀਤਾ ਗਿਆ ਹੈ ਪਰ ਵਪਾਰੀ ਕਿਸਾਨਾਂ ਨੂੰ 600 ਤੋਂ ਲੈ ਕੇ 850 ਰੁਪਏ ਤੱਕ ਪ੍ਰਤੀ ਕੁਇੰਟਲ ਵੇਚਣ ਲਈ ਮਜਬੂਰ ਕਰ ਰਹੇ ਹਨ। ਕਿਸਾਨ ਆਪਣੀ ਮਿਹਨਤ ਦਾ ਅੱਧਾ ਮੁੱਲ ਵੀ ਨਾ ਪੈਣ ਤੋੋਂ ਔਖੇ ਹਨ। ਦੋਨਾ ਇਲਾਕੇ ਦੀਆਂ ਮੰਡੀਆਂ ਮੱਕੀ ਨਾਲ ਭਰੀਆਂ ਪਈਆਂ ਹਨ। ਮੱਕੀ ਵਿਚ ਵੱਧ ਨਮੀ ਦਾ ਬਹਾਨਾ ਲਾ ਕੇ ਵਪਾਰੀ ਇਸ ਨੂੰ ਖਰੀਦਣ ਨੂੰ ਤਿਆਰ ਨਹੀਂ। ਇਸੇ ਕਰਕੇ ਮੱਕੀ ਦਾ ਭਾਅ ਡਿੱਗਦਾ ਜਾ ਰਿਹਾ ਹੈ। ਮੰਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀ ਮੱਕੀ ਆ ਰਹੀ ਹੈ ਉਸ ਵਿਚ 26 ਤੋਂ 27 ਫੀਸਦੀ ਤੱਕ ਨਮੀ ਹੈ। ਜਦਕਿ ਵਪਾਰੀ 14 ਫੀਸਦੀ ਤੋਂ ਘੱਟ ਵਾਲੀ ਮੱਕੀ ਨੂੰ ਹੀ ਹੱਥ ਪਾ ਰਹੇ ਹਨ। ਸੁਲਤਾਨਪੁਰ ਲੋਧੀ, ਕਾਲਾ ਸੰਘਿਆਂ, ਲੋਹੀਆਂ, ਨੂਰਮਹਿਲ, ਤਲਵਣ ਤੇ ਹੋਰ ਮੰਡੀਆਂ ਵਿਚ ਮੱਕੀ ਦੇ ਢੇਰ ਲੱਗੇ ਹੋਏ ਹਨ। ਤਲਵੰਡੀ ਮਾਧੋ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 15 ਏਕੜ ਵਿਚ ਮੱਕੀ ਬੀਜੀ ਹੈ। ਹੁਣ ਜਦੋਂ ਮੱਕੀ ਲੈ ਕੇ ਜਾਂਦੇ ਹਨ ਤਾਂ ਐੱਮਐੱਸਪੀ ਤੋਂ ਵੀ ਅੱਧਾ ਮੁੱਲ ਨਹੀਂ ਮਿਲ ਰਿਹਾ। ਉਧਰ ਕਈ ਵਪਾਰੀ ਪੰਜਾਬ ਦੇ ਕਿਸਾਨਾਂ ਦੀ ਮੱਕੀ ਖਰੀਦਣ ਦੀ ਥਾਂ ਬਿਹਾਰ ਵਿਚੋਂ ਮੱਕੀ ਲਿਆ ਕੇ ਸਾਮਾਨ ਤਿਆਰ ਕਰਵਾ ਰਹੇ ਹਨ। ਉਧਰ ਖੇਤੀਬਾੜੀ ਵਿਭਾਗ ਦਾ ਕਹਿਣਾ ਸੀ ਕਿ ਪਿਛਲੇ ਸਾਲ ਮੱਕੀ ਹੇਠ ਰਕਬਾ ਘਟ ਕੇ 1.08 ਲੱਖ ਹੈਕਟੇਅਰ ਰਹਿ ਗਿਆ ਸੀ ਤੇ ਖੇਤੀਬਾੜੀ ਵਿਭਾਗ ਨੇ ਟੀਚਾ ਮਿਥਿਆ ਹੈ ਕਿ ਮੱਕੀ ਹੇਠ 1.5 ਲੱਖ ਹੈਕਟੇਅਰ ਰਕਬਾ ਲਿਆਂਦਾ ਜਾਵੇ। ਪੰਜਾਬ ਸਰਕਾਰ ਨੇ ਇਹ ਯੋਜਨਾ ਵੀ ਬਣਾਈ ਹੈ ਕਿ 10 ਹੈਕਟੇਅਰ ਰਕਬੇ ਵਾਲੇ 110 ਕਲੱਸਟਰ ਬਣਾਏ ਜਾਣਗੇ
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਐੱਚਐੱਸ ਸਿੱਧੂ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਮੱਕੀ, ਝੋਨੇ ਦਾ ਸਭ ਤੋਂ ਵਧੀਆ ਬਦਲ ਹੈ ਪਰ ਇਸ ਦੀ ਕੀਮਤ ਲਈ ਵਪਾਰੀਆਂ ’ਤੇ ਨਿਰਭਰ ਕਰਦਾ ਹੈ ਪਰ ਭਵਿੱਖ ’ਚ ਮੱਕੀ ਸਬੰਧੀ ਬਣਾਇਆ ਪ੍ਰਾਜੈਕਟ ਲਾਗੂ ਹੋਣ ਨਾਲ ਸਥਿਤੀ ਬਦਲ ਜਾਵੇਗੀ।
ਸਰਕਾਰ ਐੱਮਐੱਸਪੀ ਦਾ ਐਲਾਨ ਕਰਕੇ ਪੱਲਾ ਝਾੜ ਲੈਂਦੀ ਹੈ: ਵਡਾਲਾ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਮੱਕੀ ਦੀ ਐੱਮਐੱਸਪੀ ਐਲਾਨ ਕੇ ਪੱਲਾ ਝਾੜ ਲੈਂਦੀ ਹੈ ਪਰ ਜ਼ਮੀਨੀ ਹਕੀਕਤਾਂ ਦੇ ਰੂਬਰੂ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਮੱਕੀ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 20 ਰੁਪਏ ਵਾਧਾ ਕੀਤਾ ਹੈ ਪਰ ਇਸ ਦਾ ਕਿਸਾਨਾਂ ਦਾ ਕੋਈ ਲਾਭ ਨਹੀਂ ਹੋ ਰਿਹਾ। ਕਿਉਂਕਿ ਵਪਾਰੀ ਮਿੱਥੇ ਮੁੱਲ ਤੋਂ ਅੱਧ ’ਤੇ ਵੀ ਨਹੀਂ ਖਰੀਦ ਰਹੇ।ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦਾ ਕਹਿਣਾ ਸੀ ਕਿ ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨ ਮੋਰਚਾ ਇਨ੍ਹਾਂ ਮੰਗਾਂ ਨੂੰ ਲੈ ਕੇ ਹੀ ਲੱਗਾ ਹੋਇਆ ਹੈ ਕਿ ਐੱਮਐੱਸਪੀ ਬਾਰੇ ਕਾਨੂੰਨ ਬਣੇ, ਤਾਂ ਜੋ ਫਸਲਾਂ ਦੀ ਖਰੀਦ ਦੀ ਗਰੰਟੀ ਹੋਵੇ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਦੇਸ਼ ਵਿਚ ਮੱਕੀ ਦੀ ਮੰਗ ਵਧ ਰਹੀ ਹੈ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਲੁੱਟ ਵਾਸਤੇ ਵਪਾਰੀਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਸ੍ਰੀ ਸਾਹਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਜ਼ੁਬਾਨੀ-ਕਲਾਮੀ ਇਹ ਯਕੀਨ ਦੁਆਉਣ ਦੇ ਯਤਨ ਵਿਚ ਹੈ ਕਿ ਐੱਮਐੱਸਪੀ ਸੀ, ਐੱਮਐੱਸਪੀ ਹੈ ਤੇ ਐੱਮਐੱਸਪੀ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੇ ਦਾਅਵਿਆਂ ਦੇ ਉਲਟ ਮੰਡੀਆਂ ਵਿਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ।