ਜੇਬੀ ਸੇਖੋਂ
ਗੜ੍ਹਸ਼ੰਕਰ, 28 ਅਕਤੂਬਰ
ਸੰਤ ਬਾਬਾ ਹਰੀ ਸਿੰਘ ਖਾਲਸਾ ਕਾਲਜ ਆਫ ਐਜੂਕੇਸ਼ਨ ਮਾਹਿਲਪੁਰ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ 22 ਬੀਐੱਡ ਕਾਲਜਾਂ ਦਾ ਚਾਰ ਰੋਜ਼ਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਸ਼ਾਨੋ-ਸ਼ੌਕਤ ਨਾਲ ਆਰੰਭ ਹੋ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸ਼ਿਰਕਤ ਕਰਦਿਆਂ ਸ਼ਮਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰੋਹਤਾਂਸ਼ ਨੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਵਾਗਤੀ ਸ਼ਬਦ ਕਹੇ। ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਾਲਜ ਦੇ ਪ੍ਰਬੰਧਕਾਂ ਨੂੰ ਯੂਥ ਫੈਸਟੀਵਲ ਦੇ ਆਯੋਜਨ ਦੀ ਵਧਾਈ ਦਿੱਤੀ। ਪੰਜਾਬ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰੋਹਿਤ ਕੁਮਾਰ ਨੇ ਯੁਵਕ ਮੇਲਿਆਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸ਼ਬਦ ਗਾਇਣ ਦੇ ਮੁਕਾਬਲੇ ਵਿੱਚ ਦੇਵ ਸਮਾਜ ਕਾਲਜ ਨੇ ਪਹਿਲਾ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਦੂਜਾ ਅਤੇ ਡੀਏਵੀ ਕਾਲਜ ਆਫ ਐਜੂਕੇਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਰਚਨਾ ਵਿੱਚ ਸਰਕਾਰੀ ਕਾਲਜ, ਚੰਡੀਗੜ੍ਹ ਨੇ ਪਹਿਲਾ, ਰਿਆਤ ਕਾਲਜ, ਰੈਲ ਮਾਜਰਾ ਨੇ ਦੂਜਾ ਅਤੇ ਦੇਵ ਸਮਾਜ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਲਿਖਣ ਵਿੱਚ ਮੇਜ਼ਬਾਨ ਕਾਲਜ ਨੇ ਪਹਿਲਾ ਤੇ ਦੂਜਾ ਅਤੇ ਦੇਵ ਸਮਾਜ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਹਰਦੇਵ ਸਿੰਘ ਢਿਲੋਂ, ਇੰਦਰਜੀਤ ਸਿੰਘ ਭਾਰਟਾ, ਗੁਰਿੰਦਰ ਸਿੰਘ ਬੈਂਸ ਆਦਿ ਹਾਜ਼ਰ ਸਨ।