ਪਾਲ ਸਿੰਘ ਨੌਲੀ
ਜਲੰਧਰ, 13 ਮਈ
ਹਲਕਾ ਭੁਲੱਥ ਦੇ ਪਿੰਡ ਰਾਏਪੁਰ ਅਰਾਈਆਂ ’ਚ ਸਰਪੰਚ ਭੁਪਿੰਦਰ ਸਿੰਘ ਦੀ ਮੌਤ ਹੋ ਜਾਣ ਕਾਰਨ ਅਧਿਕਾਰਤ ਪੰਚ ਦੀ ਚੋਣ ਪਹਿਲੀ ਜੂਨ ਤੋਂ ਪਹਿਲਾਂ ਕਰਵਾਉਣ ਬਾਰੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ।
ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਪਿੰਡ ਰਾਏਪੁਰ ਅਰਾਈਆਂ ਦੇ 9 ਪੰਚਾਇਤ ਮੈਂਬਰਾਂ ਵਿੱਚੋਂ 6 ਮੈਂਬਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਅਤੇ 3 ਮੈਂਬਰ ਅਕਾਲੀ ਦਲ ਨਾਲ ਸਬੰਧ ਰੱਖਦੇ ਹਨ। ਖਹਿਰਾ ਨੇ ਕਿਹਾ ਕਿ ਕਾਂਗਰਸ ਦੇ 6 ਮੈਂਬਰਾਂ ਨੇ ਰਾਜਵਿੰਦਰ ਕੌਰ ਚੀਮਾ ਨੂੰ ਅਧਿਕਾਰਤ ਪੰਚ ਬਣਾਉਣ ਦਾ ਫੈਸਲਾ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਭੁਲੱਥ ਵਿਚ ਆਮ ਆਦਮੀ ਪਾਰਟੀ ਦੇ ਆਗੂ ਬੇਲੋੜੀ ਦਖਲ ਅੰਦਾਜ਼ੀ ਕਰ ਰਹੇ ਸਨ। ਇਸ ਮਾਮਲੇ ਵਿੱਚ ਪੰਚਾਇਤ ਮੰਤਰੀ ਤੱਕ ਪਹੁੰਚ ਕਰਕੇ ਵੀ ਚੋਣ ਰੁਕਵਾਉਣ ਦਾ ਯਤਨ ਕੀਤਾ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਅਧਿਕਾਰਤ ਪੰਚ ਦੀ ਚੋਣ ਵਾਸਤੇ ਦੋ ਵਾਰ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੱਲੋਂ ਕੀਤੀ ਬੇਲੋੜੀ ਦਖਲ ਅੰਦਾਜ਼ੀ ਕਾਰਨ ਇਹ ਚੋਣ ਨਹੀਂ ਕਰਵਾਈ ਜਾ ਸਕੀ ਸੀ। ਇਸ ਕਾਰਨ ਪਿੰਡ ਦੇ ਪੰਚਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਅਤੇ ਸਬੰਧਤ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਹਾਈ ਕੋਰਟ ਦੇ ਜੱਜ ਜਸਟਿਸ ਜੀਐੱਸ ਸੰਧੇਵਾਲੀਆ ਨੇ ਪਹਿਲੀ ਜੂਨ ਤੋਂ ਪਹਿਲਾਂ ਉਕਤ ਚੋਣ ਕਰਵਾਏ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਖਹਿਰਾ ਨੇ ਹਾਈ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਵਰਕਰਾਂ ਅਤੇ ਸਾਥੀਆਂ ਨਾਲ ਹਰ ਵੇਲੇ ਡਟ ਕੇ ਖੜ੍ਹੇ ਹਨ।