ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 13 ਜੂਨ
ਨੇੜਲੇ ਪਿੰਡ ਬਿਆਸ ਵਿੱਚ ਅੱਜ ਵਿਸ਼ਵ ਦੀ ਪ੍ਰਸਿੱਧ ਸੰਸਥਾ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਦੇ ਪੰਜਾਬ ਪ੍ਰਧਾਨ ਰਣਦੀਪ ਸਿੰਘ ਕੋਹਲੀ ਨੇ ਇੱਕ ਸੌ ਵੀਹ ਸਾਲ ਦੇ ਮੈਰਾਥਨ ਰਨਰ ਸਰਦਾਰ ਫੌਜਾ ਸਿੰਘ ਦਾ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਫੌਜਾ ਸਿੰਘ 75 ਸਾਲ ਦੀ ਉਮਰ ਤੋਂ ਨਵੇਂ ਰਿਕਾਰਡ ਬਣਾ ਰਹੇ ਹਨ ਤੇ ਨਾਲ ਹੀ ਕੁਝ ਬਣੇ ਰਿਕਾਰਡ ਤੋੜ ਵੀ ਰਹੇ ਹਨ। ਇਸ ਨੂੰ ਦੇਖਦਿਆਂ ਅੱਜ ਇਹ ਸਨਮਾਨ ਉਨ੍ਹਾਂ ਨੂੰ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਦੀ ਟੀਮ ਵੱਲੋਂ ਦਿੱਤਾ ਗਿਆ। ਪੰਜਾਬ ਪ੍ਰਧਾਨ ਰਣਦੀਪ ਸਿੰਘ ਕੋਹਲੀ ਨੇ ਦੱਸਿਆ ਕਿ ਉਹ ਅਕਸਰ ਪੰਜਾਬ ਸੂਬੇ ਵਿੱਚ ਅਜਿਹੇ ਲੁਕੇ ਹੋਏ ਹੀਰੇ ਲੱਭਦੇ ਰਹਿੰਦੇ ਹਨ ਜਿਨ੍ਹਾਂ ਨੇ ਦੂਸਰਿਆਂ ਲਈ ਕੁਝ ਨਾ ਕੁਝ ਕੀਤਾ ਹੋਵੇ। ਅਜਿਹਾ ਹੀ ਫੌਜਾ ਸਿੰਘ ਹੈ ਜੋ ਪਿਛਲੇ ਕਈ ਸਾਲਾਂ ਤੋਂ ਰਨਿੰਗ ਨੂੰ ਪ੍ਰਮੋਟ ਕਰ ਰਹੇ ਹਨ। ਅੱਜ ਇੱਕ ਸੌ ਵੀਹ ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਵਿੱਚ ਪੂਰਾ ਜੋਸ਼ ਹੈ। ਇਸ ਮੌਕੇ ਉੱਤੇ ਉਨ੍ਹਾਂ ਦੇ ਨਾਲ ਵਰਲਡ ਬੁੱਕ ਆਫ ਰਿਕਾਰਡ ਭਾਰਤ ਤੋਂ ਸੁਰਜੀਤ ਕੌਰ ਵੀ ਮੌਜੂਦ ਸਨ। ਇਸ ਸਨਮਾਨ ਲਈ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਦੇ ਪ੍ਰਧਾਨ ਸੰਤੋਸ਼ ਸ਼ੁਕਲਾ, ਚੇਅਰਮੈਨ ਦਿਵਾਕਰ ਅਤੇ ਵੀਰੇਂਦਰ ਸ਼ਰਮਾ ਪੈਟਰਨ ਨੇ ਫੌਜਾ ਸਿੰਘ ਨੂੰ ਵਧਾਈ ਦਿੱਤੀ।