ਹਰਪ੍ਰੀਤ ਕੌਰ
ਹੁਸ਼ਿਆਰਪੁਰ, 9 ਫ਼ਰਵਰੀ
ਨਗਰ ਨਿਗਮ ਚੋਣਾਂ ’ਚ 250 ਤੋਂ ਉੱਤੇ ਉਮੀਦਵਾਰ ਖੜ੍ਹੇ ਹਨ ਪਰ ਇਨ੍ਹਾਂ ’ਚੋਂ ਜ਼ਿਆਦਾਤਰ ਨਵੇਂ ਚਿਹਰੇ ਹਨ। ਰਵਾਇਤੀ ਪਾਰਟੀਆਂ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਪੁਰਾਣੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਦੀ ਬਜਾਏ ਨਵਿਆਂ ’ਤੇ ਹੀ ਦਾਅ ਖੇਡਿਆ ਹੈ। ਸਰਕਾਰ ਵਲੋਂ ਕੀਤੀ ਨਵੀਂ ਵਾਰਡਬੰਦੀ ਕਾਰਨ ਵੀ ਕਈ ਪੁਰਾਣੇ ਖਿਡਾਰੀ ਚੋਣ ਲੜਨ ਤੋਂ ਰਹਿ ਗਏ ਹਨ। ਕਈਆਂ ਦਾ ਪੱਤਾ ਸਾਫ਼ ਕਰਨ ਲਈ ਹੀ ਕੁਝ ਵਾਰਡਾਂ ਦਾ ਰਾਖਵਾਂਕਰਨ ਕੀਤਾ ਗਿਆ ਹੈ। ਭਾਜਪਾ ਦੇ ਕਈ ਸਾਬਕਾ ਕੌਂਸਲਰ ਹਾਰ ਦੇ ਡਰੋਂ ਆਪ ਹੀ ਕਿਸੇ ਨਾ ਕਿਸੇ ਬਹਾਨੇ ਚੋਣ ਮੈਦਾਨ ’ਚੋਂ ਹਟ ਗਏ ਹਨ ਕਿਉਂਕਿ ਕਿਸਾਨਾਂ ਦੇ ਵਿਰੋਧ ਕਾਰਨ ਖੁੱਲ੍ਹ ਕੇ ਪ੍ਰਚਾਰ ਕਰਨਾ ਔਖਾ ਹੋਇਆ ਪਿਆ ਹੈ। ਭਾਜਪਾ ਦੇ ਕਈ ਹਮਾਇਤੀ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਅਕਾਲੀ ਦਲ 50 ਵਿਚੋਂ ਕੇਵਲ 42 ਸੀਟਾਂ ’ਤੇ ਹੀ ਉਮੀਦਵਾਰ ਖੜ੍ਹੇ ਕਰ ਸਕਿਆ ਹੈ। ਬਹੁਜਨ ਸਮਾਜ ਪਾਰਟੀ ਵੀ 9-10 ਸੀਟਾਂ ਹਾਥੀ ਦੇ ਨਿਸ਼ਾਨ ’ਤੇ ਲੜ ਰਹੀ ਹੈ।
ਚੋਣ ਲੜ ਰਹੇ ਸਾਬਕਾ ਕੌਂਸਲਰਾਂ ਵਿਚ ਰਾਕੇਸ਼ ਸੂਦ, ਨੀਤੀ ਸਿੰਘ, ਬਿਕਰਮਜੀਤ ਸਿੰਘ ਕਲਸੀ, ਪ੍ਰੇਮ ਸਿੰਘ, ਨਰਿੰਦਰ ਸਿੰਘ, ਮੋਨਿਕਾ ਕਤਨਾ, ਗੁਰਪ੍ਰੀਤ ਕੌਰ, ਕਵਿਤਾ ਪਰਮਾਰ, ਮੀਨੂ ਸੇਠੀ, ਨਰਿੰਦਰ ਕੌਰ, ਬ੍ਰਹਮ ਸ਼ੰਕਰ ਜਿੰਪਾ ਆਦਿ ਸ਼ਾਮਿਲ ਹਨ। 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣ ਕਾਰਨ ਇਸ ਵਾਰ ਕਈ ਬੀਬੀਆਂ ਚੋਣ ਮੈਦਾਨ ’ਚ ਉੱਤਰੀਆਂ ਹਨ, ਹਾਲਾਂਕਿ ਇਨ੍ਹਾਂ ਦੀ ਵੋਟਰਾਂ ਨਾਲ ਬਹੁਤੀ ਜਾਣ ਪਛਾਣ ਨਹੀਂ। ਸ਼ਨਾਖਤ ਲਈ ਪੋਸਟਰਾਂ ਅਤੇ ਫ਼ਲੈਕਸਾਂ ’ਤੇ ਇਨ੍ਹਾਂ ਦੇ ਪਤੀਆਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ। ਜ਼ਿਆਦਾਤਰ ਵਾਰਡਾਂ ’ਚ 4 ਤੋਂ 6 ਉਮੀਦਵਾਰ ਮੈਦਾਨ ’ਚ ਹਨ। ਵਾਰਡ ਨੰਬਰ-15 ਅਤੇ 30 ਵਿਚ 8 ਉਮੀਦਵਾਰ ਚੋਣ ਲੜ ਰਹੇ ਹਨ। ਵਾਰਡ ਨੰਬਰ-19 ਵਿਚ ਕਾਂਗਰਸ ਤੇ ਭਾਜਪਾ ’ਚ ਸਿੱਧਾ ਮੁਕਾਬਲਾ ਹੈ ਕਿਉਂਕਿ ਇੱਥੇ ਨਾ ਕਿਸੇ ਹੋਰ ਪਾਰਟੀ ਨੇ ਉਮੀਦਵਾਰ ਖੜ੍ਹਾ ਕੀਤਾ ਹੈ ਅਤੇ ਨਾ ਕੋਈ ਅਜ਼ਾਦ ਖੜ੍ਹਾ ਹੋਇਆ ਹੈ। ਵਾਰਡ ਨੰਬਰ-4 ਅਤੇ 6 ’ਚ ਕਾਂਗਰਸ ਨੂੰ ਬਾਗੀ ਉਮੀਦਵਾਰਾਂ ਤੋਂ ਖਤਰਾ ਹੈ। ਵਾਰਡ ਨੰਬਰ-6 ਵਿਚ ਕਾਂਗਰਸ ਨੇ ਮੌਜੂਦਾ ਕੌਂਸਲਰ ਬ੍ਰਹਮ ਸ਼ੰਕਰ ਜਿੰਪਾ ਨੂੰ ਛੱਡ ਕੇ ਮਲਕੀਤ ਸਿੰਘ ਨੂੰ ਟਿਕਟ ਦਿੱਤੀ ਹੈ ਪਰ ਜਿੰਪਾ ਅਜ਼ਾਦ ਤੌਰ ’ਤੇ ਖੜ੍ਹੇ ਹਨ। ਇਸੇ ਤਰ੍ਹਾਂ ਵਾਰਡ ਨੰਬਰ-4 ’ਚ ਕਾਂਗਰਸ ਦੇ ਚਿੰਨ੍ਹ ’ਤੇ ਅਸ਼ੋਕ ਕੁਮਾਰ ਚੋਣ ਲੜ ਰਹੇ ਹਨ ਪਰ ਇੱਥੋਂ ਪਾਰਟੀ ਦੇ ਸਾਬਕਾ ਮੀਡੀਆ ਇੰਚਾਰਜ ਸੁਮੇਸ਼ ਸੋਨੀ ਵੀ ਮੈਦਾਨ ’ਚ ਉੱਤਰ ਆਏ ਹਨ। ਵਾਰਡ ਨੰਬਰ-31 ਵਿਚ ਸਾਬਕਾ ਕੌਂਸਲਰ ਮੋਨਿਕਾ ਕਤਨਾ ਵੀ ਕਾਂਗਰਸ ਦੀ ਟਿਕਟ ਨਾ ਮਿਲਣ ਕਰਕੇ ਅਜ਼ਾਦ ਚੋਣ ਲੜ ਰਹੇ ਹਨ। ਵਾਰਡ ਨੰਬਰ-5 ’ਚ ਲੋਕਾਂ ਦੀ ਵਿਸ਼ੇਸ਼ ਦਿਲਚਸਪੀ ਹੈ ਕਿਉਂਕਿ ਉੱਥੋਂ ਸਾਬਕਾ ਮੰਤਰੀ ਤੀਕਸ਼ਨ ਸੂਦ ਦੀ ਪਤਨੀ ਰਾਕੇਸ਼ ਸੂਦ ਜੋ ਪਿਛਲੇ ਹਾਊਸ ਦੇ ਵੀ ਮੈਂਬਰ ਸਨ, ਚੋਣ ਲੜ ਰਹੇ ਹਨ।