ਜੇ.ਬੀ. ਸੇਖੋਂ
ਗੜ੍ਹਸ਼ੰਕਰ, 11 ਜੁਲਾਈ
ਸਥਾਨਕ ਇਲਾਕੇ ਵਿੱਚ ਮੱਕੀ ਦੀ ਫਸਲ ’ਤੇ ਇਨ੍ਹੀਂ ਦਿਨੀਂ ਭੂਰੀ ਸੁੰਡੀ ਦੇ ਹਮਲੇ ਕਾਰਨ ਕਾਸ਼ਤਕਾਰਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋ ਰਹੀ ਹੈ। ਇਲਾਕੇ ਦੇ ਨੀਮ ਪਹਾੜੀ ਇਲਾਕੇ ਬੀਤ ਵਿੱਚ ਮੱਕੀ ਦੀ ਫਸਲ ਦੀ ਵੱਡੇ ਪੱਧਰ ’ਤੇ ਕਾਸ਼ਤ ਕੀਤੀ ਜਾਂਦੀ ਹੈ ਪਰ ਇਸ ਵਾਰ ਸੁੰਡੀ ਦੇ ਹਮਲੇ ਨਾਲ ਬੀਤ ਇਲਾਕੇ ਦੇ ਕਾਸ਼ਤਕਾਰਾਂ ਦੀਆਂ ਪ੍ਰੇਸ਼ਾਨੀਆਂ ਵੀ ਵਧ ਗਈਆਂ ਹਨ।
ਦੱਸਣਾ ਬਣਦਾ ਹੈ ਕਿ ਖੇਤੀਬਾੜੀ ਵਿਭਾਗ ਦੀ ਪ੍ਰੇਰਨਾ ਸਦਕਾ ਇਲਾਕੇ ਦੇ ਕਈ ਕਿਸਾਨਾਂ ਵੱਲੋਂ ਪਿਛਲੇ ਕੁੱਝ ਸਾਲਾਂ ਤੋਂ ਝੋਨੇ ਦੀ ਫਸਲ ਦੀ ਥਾਂ ਮੱਕੀ ਦੀ ਕਾਸ਼ਤਕਾਰੀ ਨੂੰ ਪਹਿਲ ਦਿੱਤੀ ਜਾ ਰਹੀ ਹੈ ਪਰ ਹਰ ਸਾਲ ਮੱਕੀ ਦੀ ਫਸਲ ’ਤੇ ਕੀੜੇ ਅਤੇ ਸੁੰਡੀਆਂ ਦਾ ਹਮਲਾ ਹੋ ਰਿਹਾ ਹੈ ਜਿਸ ਸਬੰਧੀ ਖੇਤੀਬਾੜੀ ਵਿਭਾਗ ਗੰਭੀਰ ਨਹੀਂ ਦਿਖ ਰਿਹਾ। ਮੱਕੀ ਦੇ ਕਾਸ਼ਤਕਾਰਾਂ ਪ੍ਰਦੁੱਮਣ ਸਿੰਘ, ਜਗਤ ਸਿੰਘ, ਅਰਜਨ ਸਿੰਘ, ਸੇਵਾ ਸਿੰਘ, ਰਾਮ ਪਾਲ ਤੇ ਸ਼ੰਕਰ ਦਾਸ ਨੇ ਕਿਹਾ ਕਿ ਭੂਰੀ ਸੁੰਡੀ ਦੇ ਹਮਲੇ ਕਾਰਨ ਮੱਕੀ ਦੇ ਬੂਟਿਆਂ ਦੇ ਪੱਤਿਆਂ ਵਿੱਚ ਗੋਲ ਅਤੇ ਅੰਡਾਕਾਰ ਮੋਰੀਆਂ ਹੋ ਰਹੀਆਂ ਹਨ ਜਿਸ ਨਾਲ ਪੱਤੇ ਸਫੈਦ ਹੋ ਕੇ ਮੁਰਝਾ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਮੱਕੀ ਦੀ ਫਸਲ ਅੱਜ ਕੱਲ੍ਹ ਗੋਭ ’ਤੇ ਹੈ ਪਰ ਸੁੰਡੀ ਦੇ ਹਮਲੇ ਕਾਰਨ ਬੂਟੇ ਕੁੱਝ ਦਿਨਾਂ ਵਿੱਚ ਹੀ ਸੁੱਕ ਜਾਂਦੇ ਹਨ।
ਕਾਸ਼ਤਕਾਰਾਂ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਜੁਲਾਈ ਮਹੀਨੇ ਦੌਰਾਨ ਮੱਕੀ ਦੀ ਫਸਲ ਅਤੇ ਹਰੇ ਚਾਰੇ ’ਤੇ ਇਸ ਸੁੰਡੀ ਦਾ ਹਮਲਾ ਹੋ ਰਿਹਾ ਹੈ ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਮੱਕੀ ਤੇ ਹਰੇ ਚਾਰੇ ਦੀ ਫਸਲ ਨੂੰ ਉਕਤ ਸੁੰਡੀ ਤੋਂ ਬਚਾਉਣ ਲਈ ਸਬਸਿਡੀ ’ਤੇ ਦਵਾਈ ਮੁਹੱਈਆ ਕਰਵਾਈ ਜਾਵੇ।
ਉੱਧਰ, ਇਸ ਬਾਰੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ. ਸਤਨਾਮ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਪੜਤਾਲ ਕਰਵਾਉਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।