ਜੇ.ਬੀ. ਸੇਖੋਂ
ਗੜ੍ਹਸ਼ੰਕਰ, 30 ਅਪਰੈਲ
ਸ਼ਿਵਾਲਕ ਪਹਾੜਾਂ ਦੇ ਪੈਰਾਂ ਵਿਚ ਸਥਿਤ ਪਿੰਡ ਬੀਰਮਪੁਰ ਦੇ ਜੰਗਲ ਵਿਚ ਅੱਜ ਦੁਪਹਿਰੇ ਕਰੀਬ 12 ਵਜੇ ਅਚਾਨਕ ਅੱਗ ਲੱਗ ਗਈ। ਇਸ ਕਾਰਨ ਜੰਗਲ ਵਿਚਲੇ ਸੈਂਕੜੇ ਦਰੱਖਤ ਸੜ ਕੇ ਸੁਆਹ ਹੋ ਗਏ ਅਤੇ ਜੰਗਲੀ ਜਾਨਵਰਾਂ ਵਿੱਚ ਭਗਦੜ ਮਚ ਗਈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਦੁਪਹਿਰ ਨੂੰ ਲੱਗੀ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਜੰਗਲੀ ਰਕਬੇ ਦਾ ਵੱਡਾ ਹਿੱਸਾ ਅੱਗ ਦੀਆਂ ਲਪਟਾਂ ਦੀ ਲਪੇਟ ਵਿਚ ਆ ਗਿਆ। ਇਸ ਸਬੰਧੀ ਪਿੰਡ ਵਾਸੀਆਂ ਵੱਲੋੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਪਿੰਡ ਵਾਸੀਆਂ ਅਨੁਸਾਰ ਸ਼ਾਮ ਤੱਕ ਕੋਈ ਵੀ ਅਧਿਕਾਰੀ ਘਟਨਾ ਸਥਾਨ ’ਤੇ ਨਹੀਂ ਆਇਆ।
ਸੂਤਰਾਂ ਅਨੁਸਾਰ ਜੰਗਲਾਤ ਵਿਭਾਗ ਵਿੱਚ ਇੱਕ ਰੇਂਜ ਅਫ਼ਸਰ ਦੀ ਅੱਜ ਵਿਦਾਇਗੀ ਪਾਰਟੀ ਚੱਲ ਰਹੀ। ਇਸ ਕਰਕੇ ਅੱਗ ’ਤੇ ਕਾਬੂ ਪਾਉਣ ਬਾਰੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ। ਸ਼ਾਮ ਕਰੀਬ ਚਾਰ ਵਜੇ ਹੁਸ਼ਿਆਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੰਗਲ ਵਿੱਚ ਪੁੱਜ ਗਈਆਂ ਸਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੰਗਲ ਦੇ ਨੇੜਲੇ ਰਸਤਿਆਂ ਦੀ ਅੱਗ ’ਤੇ ਕਾਬੂ ਪਾ ਰਹੀਆਂ ਸਨ ਜਦੋਂਕਿ ਜੰਗਲ ਅੰਦਰ ਗੱਡੀਆਂ ਦਾ ਲਾਂਘਾ ਔਖਾ ਹੋਣ ਕਰ ਕੇ ਅੱਗ ਲਗਾਤਾਰ ਵਧ ਰਹੀ ਸੀ। ਖ਼ਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ’ਤੇ ਕਾਬੂ ਪਾਉਣ ਦੇ ਯਤਨ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਹਰ ਸਾਲ ਗਰਮੀਆਂ ਦੇ ਮੌਸਮ ਵਿਚ ਸ਼ਿਵਾਲਕ ਪਹਾੜਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਇਸ ਸਬੰਧੀ ਜੰਗਲਾਤ ਵਿਭਾਗ ਦੀ ਕਾਰਗੁਜ਼ਾਰੀ ਹਮੇਸ਼ਾਂ ਢਿੱਲੀ ਰਹਿੰਦੀ ਹੈ। ਸੂਤਰਾਂ ਅਨੁਸਾਰ ਜੰਗਲ ਵਿਚ ਨਾਜਾਇਜ਼ ਦਰੱਖਤਾਂ ਦੀ ਅਕਸਰ ਕਟਾਈ ਹੁੰਦੀ ਰਹਿੰਦੀ ਹੈ ਅਤੇ ਜੰਗਲ ਮਾਫ਼ੀਆ ਵੱਲੋਂ ਇਸ ਕਟਾਈ ਦੇ ਸਬੂਤ ਮਿਟਾਉਣ ਲਈ ਸਾਜਿਸ਼ੀ ਢੰਗ ਨਾਲ ਜੰਗਲ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਇਸ ਨਾਲ ਜੰਗਲੀ ਜਾਨਵਰ ਵੀ ਸੜ ਜਾਂਦੇ ਹਨ ਅਤੇ ਵਿਭਾਗ ਵੱਲੋਂ ਲਗਾਏ ਜਾਂਦੇ ਨਵੇਂ ਪੌਦੇ ਵੀ ਸੁਆਹ ਹੋ ਜਾਂਦੇ ਹਨ।
ਇਸ ਬਾਰੇ ਡੀਐੱਫਓ ਸਤਿੰਦਰ ਸਿੰਘ ਨੇ ਕਿਹਾ ਕਿ ਅੱਗ ਲੱਗਣ ਬਾਰੇ ਬਾਅਦ ਦੁਪਹਿਰ ਵਿਭਾਗ ਨੂੰ ਪਤਾ ਚੱਲਿਆ ਸੀ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਵਣ ਰੇਂਜ ਅਫ਼ਸਰ ਦੀ ਵਿਦਾਇਗੀ ਪਾਰਟੀ ਜ਼ਰੂਰ ਸੀ ਪਰ ਸਬੰਧਿਤ ਕਰਮਚਾਰੀਆਂ ਨੂੰ ਤੁਰੰਤ ਬੀਰਮਪੁਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
ਅੱਗ ਲੱਗਣ ਕਾਰਨ ਕਿਸਾਨਾਂ ਪਸ਼ੂ ਝੁਲਸੇ ਤੇ ਤੂੜੀ ਸੜੀ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਕੇਂਦਰ ਅਤੇ ਸੂਬਾ ਸਰਕਾਰਾਂ ਸਣੇ ਸੁਪਰੀਮ ਕੋਰਟ ਵੱਲੋਂ ਖੇਤਾਂ ਵਿੱਚ ਫੂਸ ਨੂੰ ਅੱਗ ਲਾਉਣ ਤੋਂ ਮਨਾਹੀ ਦੇ ਬਾਵਜੂਦ ਨੇੜਲੇ ਪਿੰਡ ਕੋਟ ਧੰਦਲ ਵਿਚ ਖੇਤਾਂ ਵਿਚ ਅਚਾਨਕ ਲੱਗੀ ਅੱਗ ਕਾਰਨ ਕਿਸਾਨਾਂ ਦੇ ਕੀਮਤੀ ਪਸ਼ੂਆਂ ਅਤੇ ਨਾਲ ਹੀ ਉਨ੍ਹਾਂ ਦੀ ਲੱਖਾਂ ਰੁਪਏ ਦੀ ਤੂੜੀ ਦਾ ਨੁਕਸਾਨ ਹੋ ਗਿਆ। ਪਿੰਡ ਕੋਟ ਧੰਦਲ ਦੇ ਕਿਸਾਨ ਕਪੂਰ ਸਿੰਘ ਦਾ ਫਾਰਮ ਹਾਊਸ ਵੀ ਇਸ ਅੱਗ ਦੀ ਲਪੇਟ ਵਿਚ ਆ ਗਿਆ। ਇਸ ਕਾਰਨ ਉਨ੍ਹਾਂ ਦੇ ਤਿੰਨ ਕੀਮਤੀ ਪਸ਼ੂ ਝੁਲਸ ਗਏ ਅਤੇ ਉਨ੍ਹਾਂ ਵੱਲੋਂ ਸਾਲ ਭਰ ਦੀ ਰੱਖੀ ਹੋਈ ਤੂੜੀ ਵੀ ਅੱਗ ਦੀ ਭੇਟ ਚੜ੍ਹ ਗਈ। ਇਸ ਤੋਂ ਇਲਾਵਾ ਹੋਰ ਕੁਝ ਹੋਰ ਕਿਸਾਨਾਂ ਦੀ ਤੂੜੀ ਦਾ ਨੁਕਸਾਨ ਹੋ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਗੁਰਦਾਸਪੁਰ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਉਣ ਲਈ ਭਾਰੀ ਜੱਦੋ-ਜਹਿਦ ਕੀਤੀ। ਥਾਣਾ ਕਾਹਨੂੰਵਾਨ ਦੇ ਐੱਸਐੱਚਓ ਸੁਖਵਿੰਦਰ ਸਿੰਘ ਵੀ ਮੌਕੇ ’ਤੇ ਪੁੱਜ ਗਏ। ਇਸ ਮੌਕੇ ਵਾਤਾਵਰਨ ਪ੍ਰੇਮੀ ਅਤੇ ਕੁਝ ਕਿਸਾਨਾਂ ਨੇ ਮੰਗ ਕੀਤੀ ਕਿ ਖੇਤਾਂ ਵਿੱਚ ਅੱਗ ਲਗਾਉਣ ਦੀ ਪ੍ਰਵਿਰਤੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਸਖ਼ਤੀ ਨਾਲ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਇਸ ਅੱਗ ਕਾਰਨ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਪੰਜਾਬ ਸਰਕਾਰ ਯੋਗ ਮੁਆਵਜ਼ਾ ਦੇਵੇ।