ਪੱਤਰ ਪ੍ਰੇਰਕ
ਗੜ੍ਹਸ਼ੰਕਰ, 20 ਜੂਨ
ਬੀਡੀਪੀਓ ਦਫ਼ਤਰ ਗੜ੍ਹਸ਼ੰਕਰ ਵੱਲੋਂ ਸਥਾਨਕ ਕੋਰਟ ਕੰਪਲੈਕਸ ਨੇੜੇ ਕੁੱਝ ਦਿਨ ਪਹਿਲਾਂ ਖਾਲੀ ਕਰਵਾਈਆਂ ਦੁਕਾਨਾਂ ਅੱਗੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਦੁਕਾਨਾਂ ਦਫ਼ਤਰ ਤੋਂ ਲਗਭਗ 200 ਮੀਟਰ ਦੀ ਦੂਰੀ ’ਤੇ ਹਨ। ਦੱਸਣਯੋਗ ਹੈ ਕਿ ਬੀਡੀਪੀਓ ਦਫਤਰ ਗੜ੍ਹਸ਼ੰਕਰ ਵੱਲੋਂ ਸਥਾਨਕ ਕੋਰਟ ਕੰਪਲੈਕਸ ਨੇੜੇ ਛੇ ਦੁਕਾਨਾਂ ਲੰਮੇਂ ਸਮੇਂ ਤੋਂ ਕਿਰਾਏ ’ਤੇ ਦਿੱਤੀਆਂ ਗਈਆਂ ਸਨ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਵੱਲੋਂ ਸਤੰਬਰ 2021 ਨੂੰ ਬੀਡੀਪੀਓ ਦਫਤਰ ਨੂੰ ਇਕ ਪੱਤਰ ਜਾਰੀ ਕਰਕੇ ਇਹ ਦੁਕਾਨਾਂ ਅਸਰੁੱਖਿਅਤ ਐਲਾਨੀਆਂ ਗਈਆਂ ਸਨ ਪਰ ਵਿਭਾਗ ਵੱਲੋਂ ਕਿਰਾਏਦਾਰਾਂ ਨੂੰ ਇਸ ਸਬੰਧੀ ਸੂਚਿਤ ਕਰਨ ਦੀ ਥਾਂ ਆਪਣਾ ਮਹੀਨਾਵਾਰ ਕਿਰਾਇਆ ਲੈਣਾ ਜਾਰੀ ਰੱਖਿਆ। ਇਸ ਬਾਰੇ ਕੁੱਝ ਦਿਨ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਵਿਚ ਛਪੀ ਖਬਰ ਤੋਂ ਬਾਅਦ ਵਿਭਾਗ ਨੇ ਉਕਤ ਦੁਕਾਨਾਂ ਨੂੰ ਬੰਦ ਕਰ ਦਿੱਤਾ ਪਰ ਦੋ ਦਿਨ ਬਾਅਦ ਹੀ ਕਬਜ਼ੇ ਸ਼ੁਰੂ ਹੋ ਗਏ। ਬੀਡੀਪੀਓ ਮਨਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਨਾਜਾਇਜ਼ ਕਬਜ਼ਿਆਂ ਬਾਰੇ ਸੂਚਨਾ ਮਿਲ ਚੁੱਕੀ ਹੈ ਅਤੇ ਜਲਦ ਹੀ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।