ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਜੁਲਾਈ
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਭਖਦੇ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਸਮਾਗਮ ਦੌਰਾਨ ਦੇਸ਼ ਦੇ ਮੌਜੂਦਾ ਹਾਲਾਤਾਂ ਅਤੇ ਊਧਮ ਸਿੰਘ ਦੀ ਇਤਿਹਾਸਕਤਾ ਅਤੇ ਪ੍ਰਸੰਗਕਤਾ ਬਾਰੇ ਗੱਲਬਾਤ ਕੀਤੀ ਗਈ। ਬੁਲਾਰਿਆਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਮੁਲਕ ਨੂੰ ਅੱਜ ਵੀ ਸ਼ਹੀਦ ਊਧਮ ਸਿੰਘ ਦੇ ਵਿਚਾਰਾਂ ’ਤੇ ਚੱਲਣ ਦੀ ਸਖਤ ਲੋੜ ਹੈ।
‘ਊਧਮ ਸਿੰਘ ਦੀ ਸਾਮਰਾਜ ਵਿਰੋਧੀ ਦੇਣ ਅਤੇ ਅੱਜ’ ਵਿਸ਼ੇ ’ਤੇ ਚਰਚਾ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸਾਡੇ ਮੁਲਕ ਅਤੇ ਵਿਸ਼ਵ ਵਿਆਪੀ ਵਰਤਾਰੇ ਨੂੰ ਪ੍ਰਭਾਵਿਤ ਕਰ ਰਹੇ ਕਰੋਨਾ, ਨਵੀਆਂ ਆਰਥਕ ਨੀਤੀਆਂ ਦੀ ਸੰਸਾਰ ਭਰ ਦੇ ਲੋਕਾਂ ’ਤੇ ਪੈ ਰਹੀ ਮਾਰ ਦਰਸਾਉਂਦੀ ਹੈ ਕਿ ਸੰਸਾਰ ਭਰ ਦੇ ਲੋਕਾਂ ਦੀਆਂ ਆਫ਼ਤਾਂ ਦਾ ਜ਼ਿੰਮੇਵਾਰ ਸਾਮਰਾਜੀ ਨਿਜ਼ਾਮ ਹੈ। ਇਸੇ ਦੌਰਾਨ ਵਿਜੈ ਬੰਬੇਲੀ ਅਤੇ ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਊਧਮ ਸਿੰਘ ਦੀ ਇਤਿਹਾਸਕਤਾ ਅਤੇ ਪ੍ਰਸੰਗਕਤਾ ਸਾਨੂੰ ਸਮਾਜਿਕ ਸਰੋਕਾਰਾਂ ਦੀ ਚੇਤਨਾ ਦਿੰਦੀ ਹੈ। ਊਧਮ ਸਿੰਘ ਦੇ ਸਫ਼ਰ ਦੀਆਂ ਪੈੜਾਂ ਤੋਂ ਸਾਨੂੰ ਰੌਸ਼ਨੀ ਲੈਣ ਦੀ ਲੋੜ ਹੈ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਲਈ ਲਾਜ਼ਮੀ ਹੈ ਕਿ ਉਹ ਸਮਾਜਿਕ ਅਤੇ ਇਤਿਹਾਸਕ ਸਿੱਖਿਆ ਨੂੰ ਅਕਾਦਮਿਕ ਸਲੇਬਸ ਦਾ ਹਿੱਸਾ ਬਣਾ ਕੇ ਚੱਲਣ। ਵਿਚਾਰ-ਚਰਚਾ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ। ਇਸ ਵਿਚਾਰ-ਚਰਚਾ ’ਚ ਸੋਹਣ ਸਿੰਘ ਜੰਪ ਰੁੜਕਾ ਕਲਾਂ, ਦਰਸ਼ਨ ਸਿੰਘ ਤਾਤਲਾ, ਰਾਜ ਕੁਮਾਰ ਰਾਜਨ ਮਾਹਿਲਪੁਰ, ਪਰਮਾ ਲਾਲ ਕੈਂਥ ਦੇ ਵਿਛੋੜੇ ’ਤੇ ਪਰਿਵਾਰ ਅਤੇ ਸਾਕ ਸਬੰਧੀਆਂ ਨਾਲ ਦੁੱਖ ’ਚ ਸ਼ਰੀਕ ਹੁੰਦਿਆਂ ਸ਼ਰਧਾਂਜਲੀ ਅਰਪਤ ਕੀਤੀ ਗਈ।
ਜਲ੍ਹਿਆਂਵਾਲਾ ਬਾਗ਼ ਦੇ ਇਤਿਹਾਸਕ ਸਰੂਪ ਨੂੰ ਬਰਕਰਾਰ ਰੱਖਣ ’ਤੇ ਜ਼ੋਰ
ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਅਤੇ ਲਾਇਬ੍ਰੇਰੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਨੇ ਕਿਹਾ ਕਿ ਮੁਹੰਮਦ ਸਿੰਘ ਆਜ਼ਾਦ ਆਪਣਾ ਨਾਂ ਰੱਖਣ ਤੋਂ ਵੀ ਊਧਮ ਸਿੰਘ ਦੀ ਵਿਸ਼ਾਲ ਸੋਚ ਦ੍ਰਿਸ਼ਟੀ ਦਾ ਪਤਾ ਲੱਗਦਾ ਹੈ। ਸੁਰਿੰਦਰ ਕੁਮਾਰੀ ਕੋਛੜ ਵੱਲੋਂ ਵਿਚਾਰ-ਚਰਚਾ ’ਚ ਰੱਖੇ ਮਤੇ ਹੱਥ ਖੜ੍ਹੇ ਕਰਕੇ ਪਾਸ ਕੀਤੇ ਗਏ। ਮਤਿਆਂ ’ਚ ਮੰਗ ਕੀਤੀ ਗਈ ਕਿ ਸ਼ਹੀਦ ਸੋਹਣ ਲਾਲ ਪਾਠਕ ਦੀ ਪੱਟੀ ’ਚ ਬਣੀ ਯਾਦਗਾਰ ਦਾ ਮੁਹਾਂਦਰਾ ਵਿਗਾੜਨਾ ਬੰਦ ਕਰਕੇ ਯਾਦਗਾਰ ਦੀ ਸਾਂਭ-ਸੰਭਾਲ ਕੀਤੀ ਜਾਏ। ਜਲ੍ਹਿਆਂਵਾਲਾ ਬਾਗ਼ ਨੂੰ ਆਮ ਜਨਤਾ ਲਈ ਤੁਰੰਤ ਖੋਲ੍ਹਿਆ ਜਾਏ ਅਤੇ ਉਸ ਦੀ ਇਤਿਹਾਸਕਤਾ ਦੇ ਮੂਲ ਸਰੂਪ ਨੂੰ ਬਰਕਰਾਰ ਰੱਖਿਆ ਜਾਏ। ਖੇਤੀ ਕਾਨੂੰਨ ਅਤੇ ਕਿਰਤ ਕਾਨੂੰਨਾਂ ’ਚ ਸੋਧਾਂ ਮੂਲੋਂ ਰੱਦ ਕਰਨ ਦੀ ਕਿਸਾਨ ਮਜ਼ਦੂਰ ਅੰਦੋਲਨ ਦੀ ਹੱਕੀ ਮੰਗ ਪ੍ਰਵਾਨ ਕੀਤੀ ਜਾਏ। ਪੈਗਾਸਸ ਜਾਸੂਸੀ ਕਾਂਡ ਦੀ ਨਿੰਦਾ ਕਰਦਿਆਂ ਪ੍ਰੈਸ ਅਤੇ ਹਰ ਵਿਅਕਤੀ ਦੀ ਨਿੱਜੀ ਆਜ਼ਾਦੀ ਦੀ ਜਾਸੂਸੀ ਕਰਨਾ ਬੰਦ ਕਰਨ ਦੀ ਮੰਗ ਕੀਤੀ ਗਈ। ਦੇਸ਼ ਧ੍ਰੋਹ ਦੇ ਬਣਾਏ ਕਾਨੂੰਨ ਖ਼ਤਮ ਕੀਤੇ ਜਾਣ ਕਿਉਂਕਿ ਇਹ ਬਰਤਾਨਵੀ ਰਾਜ ਵੇਲੇ ਦੇ ਕਲੰਕਤ ਕਾਨੂੰਨ ਅੱਜ ਵੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਗਲ ’ਗੂਠਾ ਦੇਣ ਲਈ ਵਰਤੇ ਜਾ ਰਹੇ ਹਨ। ਮੁਲਕ ਭਰ ਦੇ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਰੰਗ ਕਰਮੀਆਂ ਦੇ ਝੂਠੇ ਕੇਸ ਰੱਦ ਕਰਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਏ। ਨਵੀਂ ਸਿੱਖਿਆ ਨੀਤੀ ਦੇ ਨਾਂ ਹੇਠ ਸਿੱਖਿਆ ਦਾ ਨਿੱਜੀਕਰਨ ਬੰਦ ਕੀਤਾ ਜਾਏ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਦੇ 82ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਊਧਮ ਸਿੰਘ ਹਾਲ ਭਗਤਾਂ ਵਾਲਾ ਗੇਟ ਵਿੱਚ ਸ਼ਹੀਦ ਦੀ ਯਾਦ ਵਿਚ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਆਖਿਆ ਕਿ ਆਜ਼ਾਦੀ ਸੰਘਰਸ਼ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀ ਬਦੋਲਤ ਹੀ ਦੇਸ਼ ਵਾਸੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਨ ਅਤੇ ਸਾਡਾ ਫਰਜ਼ ਬਣਦਾ ਹੈ ਕਿ ਸ਼ਹੀਦਾਂ ਵੱਲੋਂ ਦਿਖਾਏ ਗਏ ਰਸਤੇ ’ਤੇ ਚਲਦਿਆਂ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖੀਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਆਜ਼ਾਦੀ ਸੰਘਰਸ਼ ਦੌਰਾਨ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿਚ ਜਾਨਾਂ ਨਿਛਾਵਰ ਕਰਨ ਵਾਲੇ ਗੁੰਮਨਾਮ ਨਾਇਕਾਂ ਦੇ ਸਤਿਕਾਰ ਵਿੱਚ ਯਾਦਗਾਰ ਬਣਾਉਨ ਦਾ ਐਲਾਨ ਕੀਤਾ ਹੈ ਅਤੇ ਇਹ ਯਾਦਗਾਰ ਵਤਨ ਦੇ ਪਰਵਾਨਿਆਂ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਦੇ ਬਣਨ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਸ਼ਹੀਦਾਂ ਬਾਰੇ ਹੋਰ ਜਾਣਕਾਰੀ ਮਿਲੇ ਸਕੇਗੀ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਜਥੇਬੰਦੀ ਦੇ ਪ੍ਰਧਾਨ ਦੀਪ ਸਿੰਘ ਕੰਬੋਜ, ਪਰਮਜੀਤ ਸਿੰਘ ਚੋਪੜਾ, ਤਾਰਾ ਸਿੰਘ, ਰਾਜੇਸ਼ ਟੋਨੀ, ਪਰਮਜੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।