ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਮਾਰਚ
ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਰੋਜ਼ਾਨਾ ਕਰੋਨਾ ਟੀਕਾਕਰਨ ਦੀ ਸਮਰੱਥਾ ਨੂੰ ਵਧਾਇਆ ਗਿਆ ਹੈ ਜੋ ਹੁਣ ਰੋਜ਼ਾਨਾ 6 ਹਜ਼ਾਰ ਤਕ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਘਨਸਿਆਮ ਥੋਰੀ ਨੇ ਯੋਗ ਲਾਭਪਾਤਰੀਆਂ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਕੋਵਿਡ ਵੈਕਸੀਨ ਲਗਵਾਈ ਜਾਵੇ। ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 41 ਪ੍ਰਾਈਵੇਟ ਅਤੇ 13 ਸਰਕਾਰੀ ਹਸਪਤਾਲਾਂ ਵਲੋਂ ਕੋਵਿਡ ਵੈਕਸੀਨ ਲਗਵਾਉਣ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਸੋਮਵਾਰ ਤੋਂ ਸਰਕਾਰੀ ਮੁੱਢਲੇ ਸਿਹਤ ਕੇਂਦਰਾਂ, ਕਮਿਊਨਟੀ ਸਿਹਤ ਕੇਂਦਰਾਂ ਅਤੇ ਸਬ ਡਵੀਜ਼ਨਲ ਹਸਪਤਾਲਾਂ ਵਲੋਂ ਵੀ ਇਹ ਕੋਵਿਡ ਵੈਕਸੀਨ ਲਗਾਉਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਸੈਂਪਲ ਲੈਣ ਅਤੇ ਕੋਵਿਡ ਪ੍ਰਭਾਵਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕਰਨ ਦੀ ਗਤੀ ਨੂੰ ਤੇਜ਼ ਕੀਤਾ ਗਿਆ ਹੈ। ਪਿਛਲੇ ਸੱਤ ਦਿਨਾਂ ਦੌਰਾਨ 21259 ਸੈਂਪਲ ਲੈਣ ਤੋਂ ਇਲਾਵਾ ਕੋਵਿਡ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਏ 1969 ਲੋਕਾਂ ਦੀ ਪਛਾਣ ਕੀਤੀ ਗਈ ਹੈ।