ਮੁੱਖ ਅੰਸ਼
- ਘਰ ਆਏ ਦੇ ਕੈਂਚੀਆਂ ਮਾਰੀਆਂ
- ਪੁਲੀਸ ਵੱਲੋਂ ਸੱਸ ਅਤੇ ਦੋ ਸਾਲਿਆਂ ਖ਼ਿਲਾਫ਼ ਕੇਸ ਦਰਜ
- ਦੋ ਮੁਲਜ਼ਮ ਗ੍ਰਿਫ਼ਤਾਰ, ਇਕ ਅਜੇ ਫ਼ਰਾਰ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 19 ਸਤੰਬਰ
ਬਲਾਕ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ ਵਿੱਚ ਪੰਜ ਸਾਲ ਪਹਿਲਾਂ ਪ੍ਰੇਮ ਵਿਆਹ ਕਰਨ ਵਾਲੇ ਲੜਕੇ ਦਾ ਲੜਕੀ ਦੇ ਪਰਿਵਾਰ ਨੇ ਅਣਖ ਖ਼ਾਤਰ ਕਤਲ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਸਾਲ ਪਹਿਲਾਂ ਪਿੰਡ ਭਟਨੂਰਾ ਦੇ ਨੌਜਵਾਨ ਗੁਰਿੰਦਰ ਸਿੰਘ ਲੱਕੀ ਦੇ ਪਿੰਡ ਦੇ ਹੀ ਸੁਰਜੀਤ ਸਿੰਘ ਦੀ ਧੀ ਹਰਦੀਪ ਕੌਰ ਨਾਲ ਪ੍ਰੇਮ ਸਬੰਧ ਬਣ ਗਏ ਸਨ। ਉਪਰੰਤ ਵੱਖ-ਵੱਖ ਜਾਤਾਂ ਨਾਲ ਸਬੰਧਤ ਹੋਣ ਦੇ ਬਾਵਜੂਦ ਦੋਹਾਂ ਨੇ ਆਪੋ-ਆਪਣੇ ਪਰਿਵਾਰਾਂ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰ ਦਿੱਤਾ।
ਦੋਹਾਂ ਦੇ ਪਰਿਵਾਰਾਂ ਨੇ ਮਜਬੂਰਨ ਗੁਰਿੰਦਰ ਸਿੰਘ ਲੱਕੀ ਅਤੇ ਹਰਦੀਪ ਕੌਰ ਦਾ ਵਿਆਹ ਪਿੰਡ ਦੇ ਗੁਰਦੁਆਰੇ ਵਿੱਚ ਕਰ ਦਿੱਤਾ। ਹਰਦੀਪ ਕੌਰ ਦੇ ਪਰਿਵਾਰ ਨੇ ਗੁਰਿੰਦਰ ਸਿੰਘ ਲੱਕੀ ਦੇ ਪਰਿਵਾਰ ਨਾਲ ਸਬੰਧ ਤੋੜ ਲਏ। ਉਪਰੰਤ ਲੱਕੀ ਦੇ ਘਰ ਦੋ ਲੜਕਿਆਂ ਨੇ ਵੀ ਜਨਮ ਲੈ ਲਿਆ।
ਬੀਤੀ ਰਾਤ ਅਚਾਨਕ ਗੁਰਿੰਦਰ ਸਿੰਘ ਲੱਕੀ ਆਪਣੇ ਸਹੁਰੇ ਘਰ ਚਲਾ ਗਿਆ, ਜਿੱਥੇ ਉਸ ਦੀ ਸੱਸ ਰਾਜਿੰਦਰ ਕੌਰ ਅਤੇ ਦੋਹਾਂ ਸਾਲਿਆਂ ਮਨਿੰਦਰ ਸਿੰਘ ਤੇ ਵਰਿੰਦਰ ਪਾਲ ਸਿੰਘ ਨੇ ਕੈਂਚੀਆਂ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਰੌਲਾ ਪੈਣ ’ਤੇ ਗੁਰਿੰਦਰ ਸਿੰਘ ਲੱਕੀ ਦੇ ਪਰਿਵਾਰ ਦੇ ਮੈਂਬਰ ਮੌਕੇ ’ਤੇ ਪਹੁੰਚ ਗਏ ਅਤੇ ਜ਼ਖ਼ਮੀ ਹਾਲਤ ਵਿੱਚ ਉਠਾ ਕੇ ਲੱਕੀ ਨੂੰ ਸਿਵਲ ਹਸਪਤਾਲ ਕਾਲਾ ਬੱਕਰਾ ਲੈਣ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਨੇ ਸਿਵਲ ਹਸਪਤਾਲ ਵਿੱਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ। ਉੱਧਰ, ਲੱਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਲੱਕੀ ਨੂੰ ਉਸ ਦੇ ਪਰਿਵਾਰ ਨੇ ਘਰ ਸੱਦ ਕੇ ਮਾਰਿਆ ਹੈ ਅਤੇ ਮਾਰਨ ਵਾਲਿਆਂ ਵਿੱਚ ਹੋਰ ਮੁਲਜ਼ਮ ਵੀ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਬਾਕੀ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ।
ਪਿੰਡ ਦੇ ਸਰਪੰਚ, ਬਲਾਕ ਸਮਿਤੀ ਮੈਂਬਰ ਅਤੇ ਮਾਰਕੀਟ ਕਮੇਟੀ ਭੋਗਪੁਰ ਦੇ ਚੇਅਰਮੈਨ ਸਰਬਜੀਤ ਸਿੰਘ ਭਟਨੂਰਾ ਨੇ ਦੱਸਿਆ ਕਿ ਵੱਖ-ਵੱਖ ਜਾਤਾਂ ਨਾਲ ਸਬੰਧ ਰੱਖਦੇ ਪ੍ਰੇਮ ਵਿਆਹ ਕਰਾਉਣ ਵਾਲੇ ਲੱਕੀ ਅਤੇ ਹਰਦੀਪ ਕੌਰ ਦੇ ਪਰਿਵਾਰਾਂ ਦਾ ਪਹਿਲਾਂ ਕਦੇ ਟਕਰਾਅ ਨਹੀਂ ਸੀ ਹੋਇਆ।
ਉੱਧਰ, ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਥਾਣਾ ਭੋਗਪੁਰ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਲੱਕੀ ਦੀ ਸੱਸ ਰਾਜਿੰਦਰ ਕੌਰ ਤੇ ਸਾਲੇ ਵਰਿੰਦਰ ਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਸਾਲੇ ਮਨਿੰਦਰ ਸਿੰਘ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।