ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 20 ਅਪਰੈਲ
ਸਰਕਾਰੀ ਹਾਈ ਸਕੂਲ ਗਹੂੰਣ ਵਿੱਚ ਸਕੂਲ ਸਟਾਫ ਦੇ ਵਿੱਤੀ ਸਹਿਯੋਗ ਨਾਲ 2 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਐਜੂਕੇਸ਼ਨਲ ਪਾਰਕ ਦਾ ਉਦਘਾਟਨ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕੀਤਾ। ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ’ਚ ਗੁਣਵੱਤਾ ਭਰਪੂਰ ਸਿੱਖਿਆ ਮੁਹੱਈਆ ਕਰਵਾਉਣ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਹਿਤ ਹਰ ਸੰਭਵ ਯਤਨ ਕੀਤੇ ਜਾਣਗੇ, ਜਿਨ੍ਹਾਂ ਵਿੱਚ ਈ.ਕੰਟੈਂਟ ਤਕਨੀਕ ਰਾਹੀਂ ਸਕੂਲਾਂ ਵਿੱਚ ਐਲ.ਈ.ਡੀ., ਪ੍ਰਾਜੈਕਟਰ ਅਤੇ ਕੰਪਿਊਟਰ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਮੁੱਖ ਅਧਿਆਪਕ ਹਰਵਿੰਦਰ ਪਾਲ ਸਿੰਘ ਅਤੇ ਸਮੂਹ ਸਟਾਫ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਟਾਫ ਨੇ ਆਪਣੇ ਵਲੋਂ ਅਤੇ ਹੋਰ ਦਾਨੀ ਸੱਜਣਾਂ ਦੀ ਮੱਦਦ ਨਾਲ ਇਹ ਪਾਰਕ ਤਿਆਰ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ, ਜਿਸ ਨਾਲ ਸਿਖਣ-ਸਿਖਾਉਣ ਦੀ ਪ੍ਰਕਿਰਿਆ ਵਿੱਚ ਭਰਪੂਰ ਫਾਇਦਾ ਹੋਵੇਗਾ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ। ਉਨ੍ਹਾਂ ਸਕੱਤਰ ਸਕੂਲ ਸਿੱਖਿਆ ਪੰਜਾਬ ਵਲੋਂ ਭੇਜੇ ਗਏ ਪ੍ਰਸ਼ੰਸਾ ਪੱਤਰ ਸਮੂਹ ਸਟਾਫ ਨੂੰ ਵੰਡੇ।