ਜਸਬੀਰ ਸਿੰਘ ਚਾਨਾ
ਫਗਵਾੜਾ, 1 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਸਰਕਾਰ ਲੋਕਾਂ ਦੇ ਚੰਗੇ ਇਲਾਜ ਲਈ ਵਚਨਬੱਧ ਹੈ ਤੇ ਸਿਵਲ ਹਸਪਤਾਲਾ ਦੇ ਸੁਧਾਰ ਲਈ ਹਰ ਦਿਨ ਨਵੇਂ ਤੋਂ ਨਵੇਂ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਇਸ ਦਾ ਲਾਭ ਆਮ ਲੋਕਾਂ ਨੂੰ ਮਿਲ ਸਕੇ। ਉਨ੍ਹਾਂ ਅੱਜ ਇਥੇ ਸਿਵਲ ਹਸਪਤਾਲ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ 30 ਬੈੱਡਾਂ ਦੇ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਗਰਭਵਤੀ ਔਰਤਾਂ ਤੇ ਨਵ-ਜੰਮੇ ਬੱਚਿਆਂ ਨੂੰ ਮਿਆਰੀ ਸਿਹਤ ਸਹੂਲਤਾ ਮੁਹੱਈਆਂ ਹੋਣਗੀਆਂ ਤੇ ਸੂਬੇ ਭਰ ਵਿੱਚ ਅਜਿਹੇ ਹੋਰ ਹਸਪਤਾਲ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਪਈਆਂ ਖਾਲੀ ਅਸਾਮੀਆਂ ਭਰਨ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ। ਉਨ੍ਹਾਂ ਅਪਰੇਸ਼ਨ ਥ੍ਰੀਏਟਰ, ਓ.ਪੀ.ਡੀ., ਟੀਕਾਕਰਨ ਵਿਭਾਗ ਦਾ ਦੌਰਾ ਕੀਤਾ ਅਤੇ ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਕੇ ਮਰੀਜ਼ਾ ਨਾਲ ਗੱਲਬਾਤ ਕੀਤੀ ਤੇ ਹਸਪਤਾਲ ਦੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ਸਾਰੰਗਲ, ਹੈਲਥ ਸਿਸਟਮ ਕਾਰੋਪੇਸ਼ਨ ਦੇ ਚੇਅਰਮੈਨ ਰਮਨ ਬਹਿਲ, ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਰਵੀ ਭਗਤ, ਆਈ.ਜੀ. ਡਾ. ਐੱਸ. ਭੂਬਤੀ, ਐੱਸ.ਐੱਸ.ਪੀ. ਨਵਨੀਤ ਸਿੰਘ, ਐੱਸ.ਐੱਮ.ਓ. ਡਾ. ਕਮਲ ਕਿਸ਼ੋਰ ਵੀ ਹਾਜ਼ਰ ਸਨ।
ਜ਼ਿਲ੍ਹਾ ਬਣਾਉਣ ਲਈ ਮੰਗ ਪੱਤਰ
ਫਗਵਾੜਾ: ਗੁਰੂ ਰਵਿਦਾਸ ਟਾਈਗਰ ਫ਼ੋਰਸ ਦਾ ਵਫ਼ਦ ਚੇਅਰਮੈਨ ਯਸ਼ ਬਰਨਾ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਤੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਮੰਗ ਪੱਤਰ ਸੌਂਪਿਆ। ਉਨ੍ਹਾਂ ਦੱਸਿਆ ਕਿ ਫਗਵਾੜਾ ਸਨਅਤੀ ਸ਼ਹਿਰ ਹੋਣ ਦੇ ਨਾਲ ਨਾਲ ਇਤਿਹਾਸਕ ਸ਼ਹਿਰ ਹੈ ਜਿਸ ਨੂੰ ਸਤਿਗੁਰੂ ਗੁਰੂ ਰਵਿਦਾਸ ਜੀ ਤੇ ਗੁਰੂ ਹਰਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ।
ਸਮਾਗਮ ’ਚ ਜਾਣ ਤੋਂ ਰੋਕਣ ਖ਼ਿਲਾਫ਼ ਪੱਤਰਕਾਰਾਂ ਵੱਲੋਂ ਮੁਜ਼ਾਹਰਾ
ਫਗਵਾੜਾ: ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਪੱਤਰਕਾਰਾਂ ਨੂੰ ਅੱਜ ਉਸ ਸਮੇਂ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦੇਣਾ ਪੈ ਗਿਆ ਜਦੋਂ ਮੁੱਖ ਮੰਤਰੀ ਦੇ ਦੌਰੇ ਮੌਕੇ ਪ੍ਰਸ਼ਾਸਨ ਨੇ ਪੱਤਰਕਾਰਾਂ ਨੂੰ ਉਦਘਾਟਨੀ ਸਮਾਗਮ ’ਚ ਜਾਣ ’ਤੇ ਹੀ ਰੋਕ ਲਗਾ ਦਿੱਤੀ ਜਿਸ ਨੂੰ ਪੁਲੀਸ ਨੇ ਅਮਲੀ ਜਾਮਾ ਪਹਿਨਾ ਕੇ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਸਖ਼ਤੀ ਨਾਲ ਰੋਕ ਦਿੱਤਾ। ਇਸ ਕਾਰਨ ਪੱਤਰਕਾਰਾਂ ਨੂੰ ਕਰੀਬ ਦੋ ਘੰਟੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਪਈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਗਵਾੜਾ ਦੇ ਸਿਵਲ ਹਸਪਤਾਲ ’ਚ ਜੱਚਾ ਤੇ ਬੱਚਾ ਕੇਂਦਰ ਲਈ ਬਣਾਏ ਗਏ 30 ਬੈੱਡ ਦੇ ਹਸਪਤਾਲ ਦਾ ਉਦਘਾਟਨ ਕਰਨਾ ਸੀ ਪਰ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨੂੰ ਇਸ ਦਾ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ। ਪੱਤਰਕਾਰ ਆਪਣੀ ਜ਼ਿੰਮੇਵਾਰੀ ਪਛਾਣਦੇ ਹੋਏ ਮੌਕੇ ’ਤੇ ਪਹੁੰਚੇ ਤੇ ਪ੍ਰੋਗਰਾਮ ਜਾਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਅੰਦਰ ਵੜਨ ਤੋਂ ਰੋਕ ਦਿੱਤਾ। ਜਿਸ ਦੇ ਰੋਸ ਵਜੋਂ 50 ਤੋਂ ਵੱਧ ਪੱਤਰਕਾਰਾਂ ਨੇ ਉਦਘਾਟਨੀ ਸਮਾਗਮ ਦੇ ਮੁੱਖ ਗੇਟ ਕੋਲ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੀਨੀਅਰ ਪੱਤਰਕਾਰ ਜਸਵੰਤ ਸਿੰਘ ਗੰਡਮ ਤੇ ਟੀ.ਡੀ. ਚਾਵਲਾ ਆਦਿ ਨੇ ਕਿਹਾ ਕਿ ਪੰਜਾਬ ’ਚ ਸਰਕਾਰ ਨਾਂ ਦੀ ਸਰਕਾਰ ਹੀ ਰਹਿ ਗਈ ਹੈ। ਅਕਾਲੀ-ਭਾਜਪਾ ਤੇ ਕਾਂਗਰਸ ਸਮੇਂ ਦੀਆਂ ਸਰਕਾਰਾ ਬਹੁਤ ਬਿਹਤਰ ਸਰਕਾਰਾਂ ਸਨ ਪਰ ਜਦੋਂ ਦੀ ਇਹ ਸਰਕਾਰ ਬਣੀ ਹੈ ਉਦੋਂ ਤੋਂ ਫਗਵਾੜਾ ’ਚ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਅਫ਼ਸਰਸ਼ਾਹੀ ਪੱਤਰਕਾਰਾ ਦੇ ਫ਼ੋਨ ਚੁੱਕਣ ਨੂੰ ਤਿਆਰ ਨਹੀਂ।