ਸੁਰਜੀਤ ਮਜਾਰੀ
ਬੰਗਾ, 27 ਸਤੰਬਰ
ਵਾਤਾਵਰਨ6 ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮਨੁੱਖੀ ਜੀਵਨ ਸਫ਼ਲ ਬਣਾਉਣ ਲਈ ਕੁਦਰਤੀ ਸੋਮਿਆਂ ਦੀ ਸੁਰੱਖਿਆ ਜ਼ਰੂਰੀ ਹੈ। ਉਹ ਪਿੰਡ ਮੀਰਪੁਰ ਲੱਖਾ ’ਚ ਪੰਚਾਇਤ ਤੇ ਐੱਨਆਰਆਈ’ਜ਼ ਵੱਲੋਂ 25 ਲੱਖ ਦੀ ਲਾਗਤ ਨਾਲ ਤਿਆਰ ਹੋਏ ਟਰੀਟਮੈਂਟ ਮਾਡਲ ਪ੍ਰਾਜੈਕਟ ਦੇ ਉਦਘਾਟਨ ਸਮੇਂ ਵਿਚਾਰ ਸਾਂਝੇ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਨੂੰ ਆਪੋ ਆਪਣੇ ਨਿੱਜੀ ਕਾਰਜਾਂ ਵਾਂਗ ਚੌਗਿਰਦੇ ਦੀ ਸਾਂਭ-ਸੰਭਾਲ ਲਈ ਵੀ ਧਾਰਮਿਕ ਭਾਵਨਾ ਵਾਂਗ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਪੱਖ ਦੀ ਮਜ਼ਬੂਤੀ ਲਈ ਪੌਦੇ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਦੇ ਨਾਲ-ਨਾਲ ਪਾਣੀ ਦੀ ਦੁਰਵਰਤੋਂ ਰੋਕਣ ਲਈ ਉਚੇਚੇ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਪਿੰਡ ਵਿੱਚ ਸੀਵਰੇਜ ਪਾਉਣ ਲਈ 20 ਲੱਖ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਦਰਬਜੀਤ ਸਿੰਘ ਪੂਨੀਆਂ, ਨਛੱਤਰ ਸਿੰਘ ਕੈਨੇਡਾ ਅਤੇ ਬਲਵੀਰ ਸਿੰਘ ਸਾਬਕਾ ਸਰਪੰਚ ਹਾਜ਼ਰ ਸਨ।