ਪੱਤਰ ਪ੍ਰੇਰਕ
ਦਸੂਹਾ, 26 ਅਗਸਤ
ਇੱਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਵੱਲੋਂ ਪਿੰਡ ਠੱਕਰ ਵਿੱਚ 73 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਨਵੀਨੀਕਰਨ ਤੋਂ ਬਾਅਦ ਛੱਪੜ ਦਾ ਉਦਘਾਟਨ ਕੀਤਾ ਗਿਆ।
ਸਰਪੰਚ ਅਨੂੰ ਦੇਵੀ ਦੀ ਅਗਵਾਈ ਹੇਠ ਕਰਵਾਏ ਗਏ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਸਕੀਮ ਤਹਿਤ 73 ਲੱਖ ਰੁਪਏ ਨਾਲ ਰੇਨ ਵਾਟਰ ਹਾਰਵੈਸਟਿੰਗ ਅਤੇ ਕੁਦਰਤੀ ਰੀਚਾਰਜਿੰਗ ਲਈ ਛੱਪੜ ਦਾ ਨਵੀਨੀਕਰਨ ਅਤੇ ਪੁਨਰ ਉਸਾਰੀ ਸਬੰਧੀ ਕੰਮ ਮੁਕੰਮਲ ਕੀਤੇ ਗਏ ਹਨ। ਇਸ ਨਾਲ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਛੱਪੜ ਨੂੰ ਹੋਰ ਵਿਕਸਤ ਕਰ ਕੇ ਇਸ ਦਾ ਟਰੀਟ ਕੀਤਾ ਪਾਣੀ ਸਿੰਜਾਈ ਆਦਿ ਕੰਮਾਂ ਲਈ ਵਰਤਿਆ ਜਾ ਸਕੇਗਾ। ਘੁੰਮਣ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ, ਜਿਸ ਤਹਿਤ ਪੀਣ ਵਾਲੇ ਪਾਣੀ ਦੀ ਉਪਲਬਧਤਾ, ਸੜਕਾਂ ਦਾ ਨਿਰਮਾਣ, ਛੱਪੜਾਂ ਦਾ ਨਵੀਨੀਕਰਨ ਕਰਨ ਤੋਂ ਇਲਾਵਾ ਲੋਕਾਂ ਤੱਕ ਹੋਰ ਬੁਨਿਆਦੀ ਸੁਵਿਧਾਵਾਂ ਪਹੁੰਚਾਉਣ ਦਾ ਯਤਨ ਜ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਕੇ.ਪੀ. ਸੰਧੂ, ਐਕਸੀਅਨ ਰਾਜ ਕੁਮਾਰ, ਐੱਸਡੀਓ ਅਮਰਜੀਤ ਸਿੰਘ, ਐੱਸਡੀਓ ਦੇਵੀ ਸ਼ਰਨ, ਠੇਕੇਦਾਰ ਮਦਨ ਸਿੰਘ, ਜੇ.ਈ. ਸੰਜੀਵ ਕੁਮਾਰ ਮੌਜੂਦ ਸਨ।