ਪੱਤਰ ਪ੍ਰੇਰਕ
ਦਸੂਹਾ, 18 ਦਸੰਬਰ
ਇਥੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਪਿੰਡ ਰੰਧਾਵਾ ਵਿਖੇ ਸਰਕਾਰੀ ਸਕੂਲ ਵਿੱਚ ਲੱਗਣ ਵਾਲੇ ਰੇਨ ਵਾਟਰ ਹਾਰਵੇਸਟਿੰਗ ਢਾਂਚੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਘੁੰਮਣ ਨੇ ਕਿਸਾਨਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਰਸਾਉਂਦੇ ਹੋਏ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਨਵੇਂ ਉਲੀਕੇ ਪ੍ਰੋਗਰਾਮਾਂ, ਖੇਤੀ ਵਿਭਿੰਨਤਾ ਲਈ ਖਾਸ ਉੱਦਮ ਅਤੇ ਸੰਚਾਲਿਤ ਜਲ ਸੰਭਾਲ ਪ੍ਰਬੰਧਨ ਦੇ ਕੰਮਾਂ ਸਬੰਧੀ ਵਿਸਥਾਰਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨਦੋਜ਼ ਪਾਈਪ ਲਾਈਨ ਸਿਸਟਮ, ਤੁਪਕਾ ਅਤੇ ਸਪ੍ਰਿੰਕਲਰ ਸਿਸਟਮ, ਰੇਨ ਵਾਟਰ ਹਾਰਵੈਸਟਿੰਗ, ਵਾਟਰ ਸ਼ੈੱਡ ਅਧਾਰਿਤ ਪ੍ਰੋਗਰਾਮ ਚਲਾ ਰਹੀ ਹੈ। ਜਿਸ ਤਹਿਤ ਪਿੰਡ ਹੀਰਾਹਰ ਮੇਹਰਭਟੋਲੀ, ਹਲੇੜ, ਸੱਗਰਾਂ, ਮਾਖੋਵਾਲ-ਢੱਡਰ, ਰੰਧਾਵਾ ਦੇ ਸਰਕਾਰੀ ਸਕੂਲਾਂ ਵਿੱਚ ਇਸ ਪ੍ਰੋਜੈਕਟ ਲਗਾਏ ਗਏ ਹਨ, ਜਲਦ ਹੀ ਪਿੰਡ ਕੇਹਰੋਵਾਲੀ, ਤੋਏ, ਮਾਖੋਵਾਲ, ਠੱਕਰ, ਰਾਏਚੱਕ ਅਤੇ ਜੰਡੋਰ ਵਿੱਚ ਵੀ ਅਜਿਹੇ ਪ੍ਰਾਜੈਕਟ ਲਗਾਏ ਜਾਣਗੇ। ਇਸ ਮੌਕੇ ਹਰਮਿੰਦਰ ਸਿੰਘ ਰੰਧਾਵਾ ਸਰਕਲ ਪ੍ਰਧਾਨ ਵਾਟਰ ਸੈਡ ਕਮੇਟੀ, ਅਮਰ ਸਿੰਘ ਸੋਡੀ, ਮਾ. ਅਵਤਾਰ ਸਿੰਘ, ਜੱਸੀ, ਜੋਨੀ, ਹਰਦੀਪ ਰੰਧਾਵਾ, ਸੰਸਾਰ ਸਿੰਘ, ਅਮਨਦੀਪ ਸਿੰਘ, ਗੁਰਪਾਲ ਸਿੰਘ, ਸਵਰਨ ਸਿੰਘ, ਸਰਪੰਚ ਗਿਰਧਾਰੀ ਲਾਲ, ਸਾਬੀ ਰੰਧਾਵਾ, ਗੁਰਪ੍ਰੀਤ ਸਿੰਘ ਗੋਪੀ, ਸੋਡੀ ਰੰਧਾਵਾ, ਰਾਮ ਲੁਭਾਇਆ ਸਿੰਘ ਤੇ ਪਿੰਡ ਵਾਸੀ ਮੌਜੂਦ ਸਨ।