ਹਰਪ੍ਰੀਤ ਕੌਰ
ਹੁਸ਼ਿਆਰਪੁਰ, 18 ਮਈ
ਪੈਟਰੋਲੀਅਮ ਪਦਾਰਥਾਂ, ਦਾਲਾਂ, ਰਸੋਈ ਤੇਲ, ਸਟੇਸ਼ਨਰੀ, ਬੱਚਿਆਂ ਦੇ ਭੋਜਨ ਪਦਾਰਥ ਤੇ ਦਵਾਈਆਂ ਆਦਿ ਦੀਆਂ ਕੀਮਤਾਂ ’ਚ ਹੋਏ ਬੇਤਹਾਸ਼ਾ ਵਾਧੇ ਖ਼ਿਲਾਫ਼ ਸਥਾਨਕ ਅੱਡਾ ਮਾਹਿਲਪੁਰ ਵਿੱਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਚਰਨਜੀਤ ਕੌਰ ਦੀ ਅਗਵਾਈ ਹੇਠ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕਾਂ ਨੇ ਗੈਸ ਸਿਲੰਡਰ ਚੁੱਕ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ।
ਇਸ ਮੌਕੇ ਬੋਲਦਿਆਂ ਸ੍ਰੀ ਧੀਮਾਨ ਨੇ ਕਿਹਾ ਕਿ ਆਸਮਾਨ ਨੂੰ ਛੂਹ ਰਹੀ ਮਹਿੰਗਾਈ ਨੇ ਗ਼ਰੀਬ ਤੇ ਮੱਧ ਵਰਗ ਦੇ ਲੋਕਾਂ ਦਾ ਜੀਵਨ ਜ਼ਿੰਦਗੀ ਦੀ ਪਟੜੀ ਤੋਂ ਹੇਠਾਂ ਉਤਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ’ਤੇ ਜਿੰਨੀਆਂ ਦਰਾਂ ਵਿਚ ਕਰੋੜਪਤੀ ਲੋਕ ਟੈਕਸ ਅਦਾ ਕਰ ਰਹੇ ਹਨ, ਓਨੀਆਂ ਹੀ ਦਰਾਂ ਵਿੱਚ ਦੋ ਪਹੀਆ ਵਾਹਨ ਅਤੇ ਰੇਹੜੀ, ਫੜ੍ਹੀ ਵਾਲੇ ਲੋਕਾਂ ਨੂੰ ਟੈਕਸ ਅਦਾ ਕਰਨਾ ਪੈ ਰਿਹਾ ਹੈ ਜਦੋਂਕਿ ਅਮੀਰ ਤੇ ਗ਼ਰੀਬ ਦੇ ਆਮਦਨ ਦੇ ਸਾਰੇ ਸਾਧਨ ਅਤੇ ਜ਼ਿੰਦਗੀ ਜੀਊਣ ਦੇ ਆਧਾਰ ਵਿਚ ਜ਼ਮੀਨ ਆਸਮਾਨ ਦਾ ਅੰਤਰ ਹੈ। ਉਨ੍ਹਾਂ ਕਿਹਾ ਕਿ ਗ਼ਰੀਬ ਤੇ ਮੱਧ ਵਰਗ ਦੇ ਲੋਕਾਂ ਵਿਚ ਅਮੀਰਾਂ ਦੇ ਬਰਾਬਰ ਟੈਕਸ ਭਰਨ ਦੀ ਸਮਰੱਥਾ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਿੰਗਾਈ ਵਿਰੁੱਧ ਲਾਮਬੰਦ ਹੋਣ। ਇਸ ਮੌਕੇ ਮੋਨੂ ਮਹਿਤਪੁਰੀਆ, ਰਾਕੇਸ਼ ਬਾਲਾ, ਮਨਜੀਤ ਕੌਰ, ਸਾਬਕਾ ਸਰਪੰਚ ਜਗਤ ਰਾਮ ਚਿੱਤੋਂ, ਚੰਦਰ ਪ੍ਰਕਾਸ, ਵਿਨੋਦ ਕੁਮਾਰ ਸੋਨੀ ਆਦਿ ਹਾਜ਼ਿਰ ਸਨ।