ਪੱਤਰ ਪ੍ਰੇਰਕ
ਫਗਵਾੜਾ, 24 ਜੂਨ
ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਅੱਜ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਵਲੋਂ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਫਗਵਾੜਾ ਦੇ ਅਧਿਕਾਰੀਆਂ ਨਾਲ ਨਿਗਮ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਮੁਹੱਲਾ ਰਤਨਪੁਰਾ ਤੇ ਮਨਸਾ ਦੇਵੀ ਨਗਰ ਵਿੱਚ ਚੱਲ ਰਹੇ ਸੀਵਰੇਜ ਦੇ ਕੰਮ ਦੀ ਸਫ਼ਾਈ ਦੀ ਚੈਕਿੰਗ ਕੀਤੀ। ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮੇਨ ਸੀਵਰ ਲਾਈਨਾਂ ਦੀ ਸਫ਼ਾਈ ਸੁਪਰਸੱਕਰ ਮਸ਼ੀਨ ਦੇ ਨਾਲ ਕਰਵਾਈ ਜਾ ਚੁੱਕੀ ਹੈ ਤੇ ਹੁਣ ਸ਼ਹਿਰ ਦੇ ਅੰਦਰੂਨੀ ਇਲਾਕੇ ਦੀਆਂ ਸੀਵਰ ਲਾਈਨਾਂ ਦੀ ਸਫ਼ਾਈ ਦਾ ਕੰਮ ਜਾਰੀ ਹੈ। ਸੀਵਰ ਲਾਈਨਾਂ ਦੀ ਸਫ਼ਾਈ ਲਈ ਸ਼ਹਿਰ ਨੂੰ ਚਾਰ ਜ਼ੋਨਾਂ ’ਚ ਵੰਡਿਆ ਗਿਆ ਹੈ ਤੇ ਸੀਵਰ ਲਾਈਨਾਂ ਦੀ ਸਫ਼ਾਈ ਦੇ ਕੰਮ ਲਈ ਵਿਸ਼ੇਸ਼ ਉਪਕਰਨ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਸੀਜ਼ਨ ਦੌਰਾਨ ਪਾਣੀ ਦੀ ਨਿਕਾਸੀ ਲਈ ਨਿਗਮ ਪ੍ਰਸ਼ਾਸ਼ਨ ਹਰ ਸੰਭਵ ਯਤਨ ਕਰ ਰਿਹਾ ਹੈ। ਇਸ ਮੌਕੇ ਪੰਜਾਬ ਵਾਟਰ ਸਪਲਾਈ ਸੀਵਰੇਜ਼ ਬੋਰਡ ਦੇ ਐੱਸ.ਡੀ.ਓ. ਪ੍ਰਦੀਪ ਚੌਟਾਨੀ ਤੇ ਸੀਵਰਮੈਨ ਹਾਜ਼ਰ ਸਨ।