ਹਤਿੰਦਰ ਮਹਿਤਾ
ਜਲੰਧਰ, 8 ਨਵੰਬਰ
ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਅੱਜ ਆਦਮਪੁਰ ਫਲਾਈਓਵਰ ਦਾ ਦੌਰਾ ਕਰਦਿਆਂ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਨਾਲ ਤਾਲਮੇਲ ਕਰਕੇ ਮੁੱਢਲੀ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਤਾਂ ਜੋ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਦਾ ਰਾਹ ਪੱਧਰਾ ਹੋ ਸਕੇ। ਐਸਡੀਐਮ ਆਦਮਪੁਰ ਵਿਵੇਕ ਕੁਮਾਰ ਮੋਦੀ, ਸੁਨੀਲ ਫੋਗਟ ਆਈਏਐਸ (ਯੂਟੀ) ਸਮੇਤ ਸਾਈਟ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਫਲਾਈਓਵਰ ਦੀ ਉਸਾਰੀ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਵਿੱਚ ਆ ਰਹੀਆਂ ਦਿੱਕਤਾਂ ਦਾ ਢੁੱਕਵਾਂ ਹੱਲ ਕੀਤਾ ਜਾਵੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਦਮਪੁਰ ਹਵਾਈ ਅੱਡੇ ਨੂੰ ਜਾਂਦੀ ਅਪਰੋਚ ਰੋਡ ਦੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ।
ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਸੜਕ ਦੇ ਕੰਮ ’ਚ ਤੇਜ਼ ਲਿਆਉਣ ਲਈ ਆਖਦਿਆਂ 700 ਮੀਟਰ ਹਿੱਸੇ ਨੂੰ 30 ਨਵੰਬਰ ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ। ਡਾ. ਅਗਰਵਾਲ ਨੇ ਇਸ ਮੌਕੇ ਲੋਕਾਂ ਦੀ ਸਹੂਲਤ ਲਈ ਜਲੰਧਰ-ਹੁਸ਼ਿਆਪਰ ਹਾਈਵੇ ਤੋਂ ਆਦਮਪੁਰ ਹਵਾਈ ਅੱਡੇ ਵੱਲ ਜਾਂਦੀ ਸੜਕ ’ਤੇ ਢੁੱਕਵੇਂ ਸਾਈਨੇਜ਼ ਲਗਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਸੜਕ ਕੰਢੇ ਬੂਟੇ ਲਾਉਣ ਦੇ ਉਪਰਾਲੇ ਦੀ ਪ੍ਰਸ਼ੰਸਾ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੀਰਵਾਰ ਨੂੰ ਆਦਮਪੁਰ ਤੋਂ ਵਾਪਸੀ ਦੌਰਾਨ ਰਸਤੇ ਵਿੱਚ ਪਿੰਡ ਚੂਹੜਵਾਲੀ ਕੋਲ ਦੋ ਵਿਅਕਤੀਆਂ ਨੂੰ ਜਲੰਧਰ-ਹੁਸ਼ਿਆਰਪੁਰ ਹਾਈਵੇ ਦੇ ਡਿਵਾਈਡਰ ’ਤੇ ਫੁੱਲਾਂ ਦੇ ਬੂਟੇ ਲਾਉਂਦੇ ਦੇਖਿਆ ਅਤੇ ਗੱਡੀ ਰੋਕ ਕੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਇਹ ਦੋ ਵਿਅਕਤੀ ਸਤਿੰਦਰ ਪਾਲ ਸਿੰਘ ਅਤੇ ਸੁਖਵਿੰਦਰ ਪਾਲ ਸਿੰਘ ਹਨ। ਡੀਸੀ ਨੇ ਹੋਰ ਨਾਗਰਿਕਾਂ ਨੂੰ ਵੀ ਵਾਤਾਵਰਨ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ।