ਲਾਜਵੰਤ ਸਿੰਘ
ਨਵਾਂਸ਼ਹਿਰ, 22 ਮਾਰਚ
ਬੀਤੀ ਰਾਤ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਦੁਰਗਾਪੁਰ ਵਿੱਚ ਖੇਤੀ ਕਾਨੂੰਨਾਂ ਦੇ ਵਿਰੁੱਧ ਜਾਗੋ ਕੱਢ ਕੇ 23 ਮਾਰਚ ਨੂੰ ਖੱਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪਿੰਡ ਦੀਆਂ ਔਰਤਾਂ ਦੀ ਅਗਵਾਈ ਵਿੱਚ ਕੱਢੀ ਗਈ ਜਾਗੋ ਵਿਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਪਿੰਡ ਵਿੱਚ ਵੱਖ ਵੱਖ ਪੜਾਵਾਂ ਤੇ ਯੂਨੀਅਨ ਦੇ ਆਗੂਆਂ ਗੁਰਬਖਸ਼ ਕੌਰ ਸੰਘਾ ਅਤੇ ਜਸਬੀਰ ਦੀਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਜਾਗੋ ਦਾ ਅਰਥ ਲੋਕਾਂ ਨੂੰ ਖੇਤੀ ਕਾਨੂੰਨਾਂ ਵਿਰੁੱਧ ਚੇਤਨ ਅਤੇ ਲਾਮਬੰਦ ਕਰਕੇ ਦਿੱਲੀ ਦੇ ਕਿਸਾਨੀ ਮੋਰਚੇ ਵਿੱਚ ਸ਼ਮੂਲੀਅਤ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਕਿਸਾਨ ਕਾਨਫਰੰਸ ਕੀਤੀ ਜਾ ਰਹੀ ਹੈ ਜੋ ਇਤਿਹਾਸਕ ਹੋਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਘੋਲ ਔਰਤਾਂ ਦੀ ਸ਼ਮੂਲੀਅਤ ਤੋਂ ਬਗੈਰ ਜਿੱਤਣਾ ਮੁਸ਼ਕਿਲ ਹੁੰਦਾ ਹੈ ਪਰ ਜਿਸ ਮੋਰਚੇ ਵਿੱਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਹੋਵੇ ਉਹ ਮੋਰਚਾ ਲਾਜਮੀ ਤੌਰ ਉੱਤੇ ਜਿੱਤਿਆ ਜਾਂਦਾ ਹੈ। ਮੋਦੀ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਭਰਮ ਭੁਲੇਖੇ ਖੜ੍ਹੇ ਕਰਕੇ ਵੀ ਸਰਕਾਰ ਲੋਕਾਂ ਦੇ ਹੜ੍ਹ ਨੂੰ ਰੋਕ ਨਹੀਂ ਸਕਦੀ। ਹੁਣ ਇਹ ਘੋਲ ਦੇਸ਼-ਵਿਆਪੀ ਬਣ ਚੁੱਕਾ ਹੈ ਅਤੇ ਇਹ ਲਾਜਮੀ ਤੌਰ ਉੱਤੇ ਜੇਤੂ ਹੋ ਕੇ ਨਿਕਲੇਗਾ।
3000 ਤੋਂ ਵੱਧ ਕਿਸਾਨ ਅੱਜ ਜਾਣਗੇ ਖਟਕੜ ਕਲਾਂ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ) ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਤੇ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਦੇ ਸੰਬਧ ਵਿੱਚ 23 ਮਾਰਚ ਨੂੰ ਖਟਕੜ ਕਲਾਂ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਸ਼ਾਮਲ ਹੋਣ ਲਈ ਨੌਜਵਾਨ ਸੰਘਰਸ਼ ਜੱਥਾ ਪੰਜਾਬ ਵੱਲੋਂ ਆਦਮਪੁਰ ਵਿੱਚ ਰੋਜ਼ਾਨਾ ਸ਼ਾਮ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਇਸ ਸਬੰਧ ਵਿੱਚ ਨੌਜਵਾਨਾਂ ਨੇ ਦੱਸਿਆ ਕਿ 23 ਮਾਰਚ ਨੂੰ ਖਟਕੜ ਕਲਾਂ ਵਿੱਚ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਰੈਲੀ ਦੌਰਾਨ ਦਿੱਲੀ ਵਿੱਚ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕਰਵਾਉਣ, ਦਿੱਲੀ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵਧਾਉਣ ਅਤੇ ਉਨ੍ਹਾਂ ਦੀ ਬਣਦੀ ਥਾਂ ਦਿਵਾਉਣ ਲਈ ਅਮਲੀ ਰੂਪ ਵਿੱਚ ਪ੍ਰੋਗਰਾਮ ਦਿੱਤੇ ਜਾਣਗੇ। ਇਸੇ ਦੌਰਾਨ ਅਮਰਜੀਤ ਸਿੰਘ ਬੈਂਸ, ਮਨਜੀਤ ਸਿੰਘ ਡਰੋਲੀ ਕਲਾਂ, ਰੋਮੀ ਕਰਨ ਮਿਨਹਾਸ, ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ 23 ਮਾਰਚ ਦੀ ਰੈਲੀ ਵਿਚ ਕਿਸਾਨਾਂ ਅਤੇ ਨੌਜਵਾਨਾਂ ਦੀ ਗਿਣਤੀ ਵਧਾਉਣ ਸਬੰਧੀ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ ਹਨ ਤੇ ਇਲਾਕੇ ਵਿੱਚੋਂ 3000 ਤੋਂ ਵੱਧ ਕਿਸਾਨ ਖਟਕੜ ਕਲਾਂ ਜਾ ਰਹੇ ਹਨ।