ਪਾਲ ਸਿੰਘ ਨੌਲੀ
ਜਲੰਧਰ, 10 ਫਰਵਰੀ
ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਐੱਚ ਐੱਸ ਹੰਸਪਾਲ ਨੂੰ ਮੀਡੀਆ ਦੇ ਉਨ੍ਹਾਂ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦੇ ਜਵਾਬ ਦੇਣ ਤੋਂ ‘ਆਪ’ ਦੀ ਲੀਡਰਸ਼ਿਪ ਵੀ ਕੰਨੀ ਕਤਰਾਉਂਦੀ ਆ ਰਹੀ ਹੈ।
ਆਮ ਆਦਮੀ ਪਾਰਟੀ ਨੂੰ ਛੱਡਣ ਵਾਲੇ ਆਗੂਆਂ ਵੱਲੋਂ ਟਿਕਟਾਂ ਵੇਚਣ ਦੇ ਲਾਏ ਜਾ ਰਹੇ ਦੋਸ਼ਾਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਇਕੱਠੇ ਹੋਏ ਕਰੋੜਾਂ ਦੇ ਚੋਣ ਫੰਡ ਦਾ ਹਿਸਾਬ-ਕਿਤਾਬ ਨਾ ਦੇਣ ਬਾਰੇ ਉਪਰੋਥਲੀ ਆਏ ਸਵਾਲਾਂ ਦੇ ਜਵਾਬ ਦੇਣ ਵਿੱਚ ਹੰਸਪਾਲ ਨੂੰ ਔਖਿਆਈ ਪੇਸ਼ ਆਈ। ਸਭ ਤੋਂ ਵੱਧ ਪ੍ਰੇਸ਼ਾਨੀ ਉਨ੍ਹਾਂ ਨੂੰ ਉਦੋਂ ਹੋਈ ਜਦੋਂ ਇਹ ਸਵਾਲ ਕੀਤਾ ਗਿਆ ਕਿ ਕਾਂਗਰਸ ਵਿੱਚ ਰਾਜ ਸਭਾ ਦੇ ਮੈਂਬਰ ਹੁੰਦਿਆਂ ਉਨ੍ਹਾਂ ਨੇ ਪੰਜਾਬ ਲਈ ਕਿਹੜਾ ਕੰਮ ਕੀਤਾ ਸੀ?
ਜ਼ਿਕਰਯੋਗ ਹੈ ਕਿ ਸੱਤਰਵਿਆਂ ਦੌਰਾਨ ਐੱਚ ਐੱਸ ਹੰਸਪਾਲ ਕਾਂਗਰਸ ਵਿੱਚ ਸਰਗਰਮ ਹੋ ਗਏ ਸਨ ਤੇ ਉਨ੍ਹਾਂ ਯੂਐੱਨਓ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਰਾਜ ਸਭਾ ਮੈਂਬਰ ਤੇ ਰਾਜ ਸਭਾ ਵਿੱਚ ਚੀਫ਼ ਵਿਪ੍ਹ ਵਰਗੇ ਅਹੁਦਿਆਂ ’ਤੇ ਰਹਿਣ ਤੋਂ ਬਾਅਦ ਉਨ੍ਹਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੀ ਕੀਤੀ ਸੀ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਮਾਨਦਾਰੀ ਨਾਲ ਕੰਮ ਕਰਕੇ ਦਿੱਲੀ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਹਨ ਅਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ’ਤੇ ਵੀ ਆਮ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਵਾਲੀ ਕਾਂਗਰਸ ਪਾਰਟੀ ਨਹੀਂ ਰਹੀ, ਇਸ ਲਈ ਉਨ੍ਹਾਂ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ।
ਉਨ੍ਹਾਂ ਕਿਹਾ ਕਿ ਬੀਤੇ ਪੰਜ ਸਾਲ ਕਾਂਗਰਸ ਪਾਰਟੀ ਨੇ ਪੰਜਾਬ ’ਤੇ ਰਾਜ ਕੀਤਾ ਹੈ ਅਤੇ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਰਹੇ ਹਨ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਰਾਜਵਿੰਦਰ ਕੌਰ, ਆਤਮਪ੍ਰਕਾਸ਼ ਸਿੰਘ ਬਬਲੂ ਅਤੇ ਹੋਰ ਆਗੂ ਵੀ ਹਾਜ਼ਰ ਸਨ।