ਪੱਤਰ ਪ੍ਰੇਰਕ
ਫਗਵਾੜਾ, 9 ਜੂਨ
ਅਦਬੀ ਸਾਗਰ ਵਿਰਕ ਵੱਲੋਂ ਸੰਸਥਾ ਦੇ ਪ੍ਰਧਾਨ ਬਲਦੇਵ ਰਾਜ ਕੋਮਲ ਦੀ ਅਗਵਾਈ ’ਚ ਕਰਵਾਏ ਸਮਾਗਮ ਦੌਰਾਨ ਡਾ. ਜਗੀਰ ਸਿੰਘ ਨੂਰ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਉੱਤਰ-ਪੱਛਮੀ ਭਾਰਤ ਦੇ ਲੋਕ-ਨਾਚ’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ’ਚ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫਸਰ ਕਪੂਰਥਲਾ, ਪ੍ਰੋ. ਪਰਮਜੀਤ ਕੌਰ ਨੂਰ ਤੇ ਮੁਨੱਜ਼ਾ ਇਰਸ਼ਾਦ ਸ਼ਾਮਿਲ ਹੋਏ। ਰਿਲੀਜ਼ ਕੀਤੀ ਪੁਸਤਕ ਦੇ ਰਚੇਤਾ ਜਗੀਰ ਸਿੰਘ ਨੂਰ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਇਹ ਪੁਸਤਕ ਉਨ੍ਹਾਂ ਦੀ 32ਵੀਂ ਪੁਸਤਕ ਹੈ ਤੇ ਇਸ ’ਚ ਜੰਮੂ-ਕਸ਼ਮੀਰ, ਹਿਮਾਚਲ, ਪੰਜਾਬ ਤੇ ਹਰਿਆਣਾ ਦੇ ਲੋਕ-ਨਾਚਾਂ ਦਾ ਵਿਸਥਾਰ ਸਹਿਤ ਅਧਿਐਨ ਕੀਤਾ ਗਿਆ ਹੈ, ਜੋ ਕਿ ਅੱਗੇ ਹੋਰ ਖੋਜ-ਕਾਰਜਾਂ ਲਈ ਬਹੁਤ ਸਹਾਇਕ ਸਿੱਧ ਹੋਵੇਗੀ।
ਸਮਾਗਮ ਵਿੱਚ ਹੋਏ ਕਵੀ ਦਰਬਾਰ ਦੌਰਾਨ ਸਰਬ ਸੁਖਦੇਵ ਗੰਢਮਾਂ, ਲਸ਼ਕਰ ਸਿੰਘ ਢੰਡਵਾੜਵੀ, ਹਰਚਰਨ ਭਾਰਤੀ, ਗੁਰਮੀਤ ਰੱਤੂ, ਕਰਮਜੀਤ ਸਿੰਘ ਸੰਧੂ, ਸੋਹਨ ਸਿੰਘ ਭਿੰਡਰ, ਸੀਤਲ ਰਾਮ ਬੰਗਾ, ਮਨੋਜ ਫਗਵਾੜਵੀ, ਸੋਹਣ ਸਹਿਜਲ, ਕੰਵਰ ਸਹਿਬਾਜ਼, ਮੁਨੱਜ਼ਾ ਇਰਸ਼ਾਦ, ਬਲਦੇਵ ਰਾਜ ਕੋਮਲ ਤੇ ਰਵਿੰਦਰ ਚੋਟ ਆਦਿ ਕਵੀਆਂ ਨੇ ਖੂਬ ਰੰਗ ਬੰਨ੍ਹਿਆ। ਜ਼ਿਲ੍ਹਾ ਭਾਸ਼ਾ ਅਫਸਰ ਕਪੂਰਥਲਾ ਜਸਪ੍ਰੀਤ ਕੌਰ ਨੇ ਅਜੋਕੇ ਸਾਹਿਤ ਅਤੇ ਸਾਹਿਤਕਾਰਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।