ਪਾਲ ਸਿੰਘ ਨੌਲੀ
ਜਲੰਧਰ, 21 ਮਾਰਚ
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਲੋਕਾਂ ਦੀ ਰਜਿਸਟਰੇਸ਼ਨ ਅਤੇ ਈ-ਕਾਰਡ ਬਣਾਉਣ ਦੇ ਮਾਮਲੇ ਵਿੱਚ ਜਲੰਧਰ ਜ਼ਿਲ੍ਹੇ ਦੀ ਝੰਡੀ ਰਹੀ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀ 5 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੀ ਸਹੂਲਤ ਪ੍ਰਾਪਤ ਕਰਨ ਦੇ ਯੋਗ ਹਨ। ਇਸ ਸਕੀਮ ਤਹਿਤ ਜਲੰਧਰ ਕੋਲ 2.62 ਲੱਖ ਪਰਿਵਾਰਾਂ ਨੂੰ ਰਜਿਸਟਰਡ ਕਰਨ ਦਾ ਟੀਚਾ ਸੀ ਜਿਸ ਵਿਚੋਂ ਹੁਣ ਤੱਕ 2.14 ਲੱਖ ਪਰਿਵਾਰਾਂ ਨੂੰ ਰਜਿਸਟਰਡ ਕਰਕੇ ਈ-ਕਾਰਡ ਬਣਾਏ ਜਾ ਚੁੱਕੇ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 4.75 ਲੱਖ ਕਾਰਡ ਵਿਅਕਤੀਗਤ ਤੌਰ ’ਤੇ ਬਣਾਏ ਜਾ ਚੁੱਕੇ ਹਨ। ਸ੍ਰੀ ਥੋਰੀ ਨੇ ਦੱਸਿਆ ਕਿ ਇਹ ਕੁੱਲ ਲਾਭਪਾਤਰੀਆਂ ਵਿਚੋਂ ਲਗਭਗ 81.8 ਫੀਸਦ ਬਣਦਾ ਹੈ। ਜਲੰਧਰ ਵਲੋਂ ਇਸ ਵਿਸ਼ੇਸ਼ ਉਪਲਬੱਧੀ ਨੂੰ ਪਿਛਲੇ ਤਿੰਨ ਮਹੀਨਿਆਂ ਦੌਰਾਨ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਦਿਆਂ ਹਾਸਲ ਕੀਤਾ ਗਿਆ ਹੈ। ਦਸੰਬਰ 2020 ਵਿੱਚ ਸਿਰਫ਼ 46.13 ਲਾਭਪਾਤਰੀਆਂ ਜੋ ਕਿ 1.31 ਲੱਖ ਪਰਿਵਾਰ ਬਣਦੇ ਸਨ, ਨੂੰ ਇਸ ਸਕੀਮ ਤਹਿਤ ਲਿਆਂਦਾ ਗਿਆ ਸੀ ਜਿਸ ਕਰਕੇ ਜਲੰਧਰ ਦਾ ਸੂਬੇ ਭਰ ਵਿੱਚ 15ਵਾਂ ਰੈਂਕ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਲਗਨ ਤੇ ਮਿਹਨਤ ਸਦਕਾ ਪਿਛਲੇ ਤਿੰਨ ਮਹੀਨਿਆਂ ਦੌਰਾਨ ਪਹਿਲੇ ਸਥਾਨ ਨੂੰ ਸੁਰੱਖਿਅਤ ਬਣਾ ਸਕਿਆ ਹੈ। ਉਨ੍ਹਾਂ ਦੱਸਿਆ ਕਿ ਸਮੁੱਚੀ ਟੀਮ ਵਿੱਚ ਐੱਸ.ਡੀ.ਐਮਜ਼, ਐੱਸ.ਐੱਮ.ਓਜ਼, ਬੀ.ਡੀ.ਪੀਓਜ਼, ਸੀ.ਡੀ.ਪੀ.ਓਜ਼, ਡੀਪੀਓ ਅਤੇ ਹੋਰ ਸਬੰਧਿਤ ਵਿਭਾਗ ਸ਼ਾਮਲ ਹਨ। ।