ਪੱਤਰ ਪ੍ਰੇਰਕ
ਜਲੰਧਰ, 21 ਸਤੰਬਰ
ਦਿਹਾਤੀ ਖੇਤਰਾਂ ਵਿੱਚ ਅਮਨ-ਕਾਨੂੰਨ ਵਧਾਉਣ ਲਈ ਜਲੰਧਰ ਦਿਹਾਤੀ ਪੁਲੀਸ ਨੇ ਆਪਣੇ ਫਲੀਟ ਵਿੱਚ 20 ਨਵੇਂ ਮੁਰੰਮਤ ਕੀਤੇ ਰੈਪਿਡ ਰੂਰਲ ਰਿਸਪਾਂਸ ਵਹੀਕਲਜ਼ ਨੂੰ ਸ਼ਾਮਲ ਕਰ ਕੇ ਆਪਣੀ ਐਮਰਜੈਂਸੀ ਪ੍ਰਤੀਕਿਰਿਆ ਸਮਰੱਥਾ ਨੂੰ ਮਜ਼ਬੂਤ ਕੀਤਾ ਹੈ। ਮਸ਼ੀਨੀ ਤੌਰ ’ਤੇ ਅਪਗ੍ਰੇਡ ਕੀਤੇ ਗਏ ਅਤੇ ਡੈਂਟਿੰਗ ਅਤੇ ਪੇਂਟਿੰਗ ਕਰਕੇ ਤਿਆਰ ਕੀਤੇ ਗਏ ਇਨ੍ਹਾਂ ਵਾਹਨਾਂ ਨੂੰ ਅੱਜ ਜਨਰਲ ਪਰੇਡ ਤੋਂ ਬਾਅਦ ਹਰੀ ਝੰਡੀ ਦਿਖਾ ਕੇ ਪੇਂਡੂ ਖੇਤਰਾਂ ਨੂੰ ਸਮਰਪਿਤ ਕੀਤਾ ਗਿਆ। ਇਸ ਸਬੰਧੀ ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਮਰਜੈਂਸੀ ਦੌਰਾਨ ਤੁਰੰਤ ਜਵਾਬਦੇਹੀ ਯਕੀਨੀ ਬਣਾਉਣ ਲਈ ਜ਼ਿਲ੍ਹੇ ਨੂੰ 20 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਹ 112 ਐਮਰਜੈਂਸੀ ਕਾਲਾਂ, ਟਰੈਫਿਕ ਭੀੜ, ਵੀਆਈਪੀ ਮੂਵਮੈਂਟ ਅਤੇ ਧਾਰਮਿਕ ਸਥਾਨਾਂ ’ਤੇ ਨਾਜ਼ੁਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਸਮੇਤ ਵੱਖ-ਵੱਖ ਸਥਿਤੀਆਂ ਲਈ ਜਵਾਬ ਦੀ ਪਹਿਲੀ ਲਾਈਨ ਵਜੋਂ ਤਿਆਰ ਕੀਤੇ ਗਏ ਹਨ ਜੋ ਆਮ ਲੋਕਾਂ ਲਈ ਲਾਹੇਵੰਦ ਹੋਣਗੇ।