ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪੱਤਰਕਾਰ ਨਵਜੋਤ ਕੌਰ ਦੇ ਪਤੀ ਗੁਰਕਿਰਪਾਲ ਸਿੰਘ ਜੀਪੀ ਦੀ ਲੰਘੀ ਰਾਤ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਗੁਰਕਿਰਪਾਲ ਸਿੰਘ ਦੇ ਦੋਸਤ ਰਜ਼ਨੀਸ ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀ ਤੇ ਲੰਘੀ ਰਾਤ ਉਹ ਚੰਡੀਗੜ੍ਹ ਤੋਂ ਵਾਪਸ ਜਲੰਧਰ ਆ ਰਿਹਾ ਸੀ। ਨਵਾਂ ਸ਼ਹਿਰ ਨੇੜੇ ਖੜ੍ਹੇ ਟਰਾਲੇ ਨਾਲ ਉਨ੍ਹਾਂ ਦੀ ਗੱਡੀ ਟਕਰਾ ਗਈ ਜਿਸ ਕਾਰਨ ਗੁਰਕਿਰਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਕਿਰਪਾਲ ਸਿੰਘ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਹਿਤਪੁਰ ਊਨਾ (ਹਿਮਾਚਲ ਪ੍ਰਦੇਸ਼) ’ਚ ਅੱਜ ਬਾਅਦ ਦੁਪਹਿਰ ਕਰ ਦਿੱਤਾ ਗਿਆ। ਉਨ੍ਹਾਂ ਦੀ ਬੇਵਕਤੀ ਮੌਤ ’ਤੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੀ ਬੇਵਕਤੀ ਮੌਤ ‘ਤੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਪੰਜਾਬ ਐਂਡ ਚੰਡੀਗੜ੍ਹ ਜਰਨਾਲਿਸਟ ਯੂਨੀਅਨ ਦੇ ਅਹੁਦੇਦਾਰਾਂ ਸਮੇਤ ਸਮੂਹ ਪੱਤਰਕਾਰ ਭਾਈਚਾਰੇ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।