ਪੱਤਰ ਪ੍ਰੇਰਕ
ਦਸੂਹਾ, 6 ਜੁਲਾਈ
ਪੰਜਾਬ ਵਿੱਚ ਸੋਸ਼ਲ ਮੀਡੀਆ ਦੀ ਗਲਤ ਵਰਤੋ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸਿਆਸਤਦਾਨਾਂ ਨੂੰ ਵੀ ਨਹੀਂ ਬਖਸ਼ ਰਹੇ। ਇਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੇ ਨਾਮ ’ਤੇ ਇੰਸਟਾਗ੍ਰਾਮ ਦਾ ਜਾਅਲੀ ਖਾਤਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਪਤਾ ਚੱਲਦਿਆਂ ਤੁਰੰਤ ਵਿਧਾਇਕ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਵਿਧਾਇਕ ਘੁੰਮਣ ਨੇ ਆਪਣੇ ਫੇਸਬੁੱਕ ਪੇਜ ’ਤੇ ਆਪਣੇ ਨਾਮ ’ਤੇ ਬਣੇ ਇੰਸਟਾਗ੍ਰਾਮ ਦੇ ਜਾਅਲੀ ਖਾਤੇ ਦਾ ਸਕਰੀਨ ਸ਼ਾਰਟ ਸਾਂਝਾ ਕਰਦਿਆਂ ਕਿਹਾ ਕਿ ਕਿਸੇ ਨੇ ਉਨ੍ਹਾਂ ਦੇ ਨਾਮ ’ਤੇ ਫਰਜ਼ੀ ਇੰਸਟਾਗ੍ਰਾਮ ਆਈਡੀ ਬਣਾ ਲਈ ਹੈ, ਜਿਸ ’ਤੇ ਉਪਰ ਉਨ੍ਹਾਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ ਤੇ ਇਸ ਦੀ ਵਰਤੋਂ ਲੋਕਾਂ ਵਿੱਚ ਅਫ਼ਵਾਹ ਫੈਲਾਉਣ ਅਤੇ ਆਮ ਜਨਤਾ ਨੂੰ ਗੁਮਰਾਹ ਕਰਨ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਇਸ ਸਬੰਧੀ ਪੁਲੀਸ ਨੂੰ ਸਖਤ ਕਾਨੂੰਨੀ ਕਾਰਵਾਈ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਜਿਹੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।