ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 6 ਫਰਵਰੀ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨਾਂ ਨੇ ਜੰਗ-ਏ-ਆਜ਼ਾਦੀ ਯਾਦਗਾਰ ਸਾਹਮਣੇ ਚੱਕਾ ਜਾਮ ਕੀਤਾ। ਕਿਸਾਨ ਦਰੀਆਂ ਵਿਛਾ ਕੇ ਸੜਕ ਦੇ ਵਿਚਕਾਰ ਬੈਠ ਗਏ ਅਤੇ ਟਰੈਕਟਰ ਸੜਕ ਕਿਨਾਰੇ ਖੜ੍ਹੇ ਕੀਤੇ ਗਏ। ਇਸ ਮੌਕੇ ਹਲਕਾ ਕਰਤਾਰਪੁਰ ਦੇ ਇੰਚਾਰਜ ਸੇਠ ਸੱਤਪਾਲ ਮੱਲ, ਸਰਕਲ ਕਰਤਾਰਪੁਰ ਦੇ ਪ੍ਰਧਾਨ ਗੁਰਜਿੰਦਰ ਸਿੰਘ ਭਤੀਜਾ, ਸਰਕਲ ਮਕਸੂਦਾਂ ਦੇ ਪ੍ਰਧਾਨ ਭਗਵੰਤ ਸਿੰਘ ਫਤਿਹ ਜਲਾਲ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਖੇਤੀ ਵਿਰੋਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਤਦ ਤਕ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਕਿਸਾਨ ਵਿਰੋਧੀ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਆਗੂ ਕੇਂਦਰ ਦੀ ਸ਼ਾਬਾਸ਼ੀ ਲੈਣ ਗ਼ਲਤ ਹੱਥਕੰਡੇ ਵਰਤ ਰਹੇ ਹਨ। ਇਸ ਮੌਕੇ ਗਾਇਕ ਦਲਵਿੰਦਰ ਦਿਆਲਪੁਰੀ, ਨੰਬਰਦਾਰ ਭਜਨ ਸਿੰਘ ਸੇਖੋ, ਗੁਰਦੇਵ ਸਿੰਘ ਮਾਹਲ, ਗੋਗਾ ਧਾਰੀਵਾਲ, ਰਤਨ ਸਿੰਘ ਰਹੀਮਪੁਰ ਮੌਜੂਦ ਸਨ।