ਪੱਤਰ ਪ੍ਰੇਰਕ
ਭੁਲੱਥ, 7 ਫਰਵਰੀ
ਹਲਕਾ ਵਿਧਾਇਕ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਪੁਲੀਸ ਦੀ ਗੋਲੀ ਦਾ ਸ਼ਿਕਾਰ ਹੋਏ ਨਵਰੀਤ ਸਿੰਘ ਦੀ ਮੌਤ ਦੀ ਨਿਆਂਇਕ ਜਾਂਚ ਦਾ ਮੁੱਦਾ ਚੁੱਕਿਆ ਜਾਵੇ ਅਤੇ ਨਾਲ ਹੀ ਮੋਦੀ ਸਰਕਾਰ ਦੀ ਸਾਜ਼ਿਸ਼ ਦੇ ਸ਼ਿਕਾਰ ਨੌਜਵਾਨ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਹਨ, ਅਪਣਾਇਆ ਜਾਣਾ ਚਾਹੀਦਾ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਉਤਰਾਖੰਡ ’ਚ ਨਵਰੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਉਥੇ ਹਾਜ਼ਰ ਲੋਕਾਂ ਵਲੋਂ ਮੌਤ ਦੇ ਕਾਰਨਾਂ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਨਵਰੀਤ ਦਾ ਪੋਸਟਮਾਰਟਮ ਦਿੱਲੀ ਵਿੱਚ ਨਹੀਂ ਕਰਵਾਇਆ ਜਦ ਕਿ ਅੰਤਰਰਾਸ਼ਟਰੀ ਫੋਰੈਂਸਿਕ ਮਾਹਿਰਾਂ ਵਲੋਂ ਗੋਲੀ ਨਾਲ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਡਬਿਡਬਿਾ ਤੋਂ ਗਾਜ਼ੀਪੁਰ ਬਾਰਡਰ ਤੱਕ ਮਾਰਚ ਕੀਤੇ ਜਾਣਗੇ ਅਤੇ ਇਸ ਸਬੰਧੀ ਪ੍ਰਸ਼ਾਂਤ ਭੂਸ਼ਣ ਵਰਗੇ ਮਾਹਿਰ ਵਕੀਲਾਂ ਦੀ ਮਦਦ ਨਾਲ ਸੁਪਰੀਮ ਕੋਰਟ ਤੋਂ ਨਿਆਇਕ ਜਾਂਚ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਮੋਦੀ ਤੇ ਸਰਕਾਰੀ ਏਜੰਸੀਆਂ ਦੀਆਂ ਚਾਲਾਂ ਦੇ ਸ਼ਿਕਾਰ ਹੁੰਦੇ ਹੋਏ ਲਾਲ ਕਿਲੇ ਪਹੁੰਚੇ ਸਨ, ਉਨ੍ਹਾਂ ਵਲੋਂ ਕਿਸੇ ਵੀ ਕਿਸਮ ਦਾ ਜਾਨੀ, ਮਾਲੀ ਨੁਕਸਾਨ ਨਹੀਂ ਕੀਤਾ ਤੇ ਨਾ ਹੀ ਕੌਮੀ ਝੰਡੇ ਦਾ ਨਿਰਾਦਰ ਕੀਤਾ ਗਿਆ, ਨੂੰ ਅਪਣਾਏ ਜਾਣ ਦੀ ਲੋੜ ਹੈ, ਕਿਉਂਕਿ ਉਹ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੰਦੋਲਨ ਵਿਚ ਹਿੱਸਾ ਲੈਣ ਲਈ ਦਿੱਲੀ ਆਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਅਪਣਾ ਕੇ ਸਰਕਾਰੀ ਜ਼ੁਲਮ ਤੋਂ ਬਚਾਉਣਾ ਸਮੇਂ ਦੀ ਮੰਗ ਹੈ।