ਪੱਤਰ ਪ੍ਰੇਰਕ
ਮੁਕੇਰੀਆਂ, 29 ਫਰਵਰੀ
ਖਾਲਸਾ ਕਾਲਜ, ਗੜ੍ਹਦੀਵਾਲਾ ਵਿਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਸੰਸਥਾਪਕ ਡਾ. ਐੱਮਐੱਸ ਰੰਧਾਵਾ ਦੀ ਯਾਦ ਵਿਚ 9ਵਾਂ ਯਾਦਗਾਰੀ ਵਿਰਾਸਤੀ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਐਨਆਰਆਈ ਹਰਦੀਪ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਅਤੇ ਗੁਰਦੀਪ ਸਿੰਘ ਰੰਧਾਵਾ (ਡਾ. ਐੱਮ.ਐੱਸ. ਰੰਧਾਵਾ ਦੇ ਪੋਤੇ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ. ਰੰਧਾਵਾ ਸਬੰਧੀ ਵਿਚਾਰ ਪੇਸ਼ ਕੀਤੇ। ਪਰਵਾਸੀ ਭਾਰਤੀ ਢਿੱਲੋਂ ਨੇ ਕਿਹਾ ਕਿ ਡਾ. ਰੰਧਾਵਾ ਇੱਕ ਕੁਸ਼ਲ ਅਫ਼ਸਰ, ਖੇਤੀਬਾੜੀ ਮਾਹਿਰ, ਵਧੀਆ ਲੇਖਕ, ਕਲਾ ਪਾਰਖ਼ੂ ਅਤੇ ਵਧੀਆ ਪ੍ਰਬੰਧਕ ਸਨ ਜਿਨ੍ਹਾਂ ਦੀਆਂ ਪਾਈਆਂ ਪਿਰਤਾਂ ਨੂੰ ਅਗਾਂਹ ਤੋਰਿਆ ਜਾਵੇ। ਇਸ ਮੇਲੇ ਵਿੱਚ ਰਵਾਇਤੀ ਪਹਿਰਾਵਾ ਮੁਕਾਬਲਾ, ਦਸਤਾਰ ਬੰਦੀ ਮੁਕਾਬਲੇ ਅਤੇ ਪੰਜਾਬੀ ਗੱਭਰੂ, ਫੈਂਸੀ-ਡਰੈਸ, ਹੈਰੀਟੇਜ ਸਬੰਧਤ ਵੱਖ-ਵੱਖ ਆਈਟਮਾਂ ਆਦਿ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਦਸਤਾਰਬੰਦੀ ਵਿੱਚ ਜੇਤੂ ਵਿਦਿਆਰਥੀਆਂ ਨੂੰ ਤਰਨਦੀਪ ਸਿੰਘ ਮਾਣਕੂ ਅਤੇ ਹਰਦਿਆਲ ਸਿੰਘ ਅਰੋੜਾ ਵੱਲੋਂ ਦਸਤਾਰਾਂ ਭੇਟ ਕੀਤੀਆ ਗਈਆਂ।
ਇਸ ਦੌਰਾਨ ਡਾ. ਰੰਧਾਵਾ ਦੀ ਯਾਦ ਵਿੱਚ ਕਾਲਜ ਦੇ ਦੋ ਲੋੜਵੰਦ ਵਿਦਿਆਰਥੀਆਂ ਅੰਮ੍ਰਿਤਪ੍ਰੀਤ ਸਿੰਘ (ਬੀ.ਕਾਮ) ਅਤੇ ਗਾਮਨੀ (ਬੀ.ਸੀ.ਏ.) ਨੂੰ ਯਾਦਗਾਰੀ ਵਜ਼ੀਫ਼ੇ ਦੇ ਰੂਪ ਵਿੱਚ 5100-5100 ਰੁਪਏ ਦੇ ਚੈੱਕ ਭੇਟ ਕੀਤੇ ਗਏ। ਡਾ. ਜਸਪਾਲ ਸਿੰਘ ਨੇ ਮਹਿਮਾਨਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਡਾ. ਐੱਮ. ਐੱਸ. ਰੰਧਾਵਾ ਨੇ ਇੱਕ ਉੱਚ ਅਫ਼ਸਰ ਦੇ ਤੌਰ ’ਤੇ ਬੇਮਿਸਾਲ ਕੰਮ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਮਲਿਕਾ ਮੰਡ ਅਤੇ ਪ੍ਰੋ. ਕਮਲਜੀਤ ਕੌਰ ਨੇ ਨਿਭਾਈ। ਇਸ ਮੌਕੇ ਸਾਬਕਾ ਪ੍ਰਿੰਸੀਪਲ ਰਾਜਿੰਦਰ ਸਿੰਘ ਪਾਵਨ ਆਦਿ ਵੀ ਹਾਜ਼ਰ ਸਨ।