ਜੇ.ਬੀ.ਸੇਖੋਂ
ਗੜ੍ਹਸ਼ੰਕਰ, 18 ਅਕਤੂਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਹੁਸ਼ਿਆਰਪੁਰ ਜ਼ੋਨ-ਏ ਤਹਿਤ ਬਾਬਾ ਬਲਰਾਜ ਕੌਂਸਟੀਚਿਊਟ ਕਾਲਜ ਬਲਾਚੌਰ ਵਿੱਚ ਪ੍ਰਿੰਸੀਪਲ ਡਾ. ਸੁਨੀਲ ਖੌਸਲਾ ਦੀ ਅਗਵਾਈ ਹੇਠ 14 ਤੋਂ 17 ਅਕਤੂਬਰ ਤੱਕ ਕਰਵਾਏ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਨੇ ਲਗਾਤਾਰ ਤੀਜੀ ਵਾਰ ਓਵਰਆਲ ਟਰਾਫੀ ਜਿੱਤ ਕੇ ਹੈਟਰਿਕ ਲਗਾਈ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ ਅਤੇ ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ ਨੇ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੂੰ ਇਸ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਕੌਂਟੀਜੈਂਟ ਇੰਚਾਰਜ ਪ੍ਰੋ. ਦੇਵ ਕੁਮਾਰ ਨੇ ਦੱਸਿਆ ਕਿ ਸੋਲਾਂ ਕਾਲਜਾਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ ਤੇ ਕਾਲਜ ਨੇ ਲਗਾਤਾਰ ਤੀਜੀ ਵਾਰ ਓਵਰਆਲ ਟਰਾਫੀ। ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਨਾਟਕ, ਭੰਡ, ਮਿਮਿਕਰੀ ,ਗਰੁੱਪ ਗਾਇਣ, ਭਜਨ, ਲੋਕ ਗੀਤ, ਗ਼ਜ਼ਲ, ਕਲਾਸੀਕਲ ਵੋਕਲ, ਲੋਕ ਨਾਚ ਝੂੰਮਰ, ਕਾਵਿ ਉਚਾਰਨ, ਲੋਕ ਨਾਚ ਗਿੱਧਾ, ਪਰਾਂਦਾ ਸਿਰਜਣ, ਫੁਲਕਾਰੀ, ਰੰਗੋਲੀ, ਮਹਿੰਦੀ, ਪੀੜ੍ਹੀ ਕਲਾ ਸਮੇਤ ਜਨਰਲ ਕੁਇਜ਼ ਅਤੇ ਵਿਰਾਸਤੀ ਕੁਇਜ਼ ਵਿੱਚ ਅੱਵਲ ਸਥਾਨ ਹਾਸਲ ਕੀਤਾ।