ਪਾਲ ਸਿੰਘ ਨੌਲੀ
ਜਲੰਧਰ, 4 ਜੁਲਾਈ
ਕਿਰਤੀ ਕਿਸਾਨਯੂਨੀਅਨ ਵੱਲੋਂ ਅੱਜ ਪਿੰਡ ਸੁੰਨੜਾ ਕਲਾਂ ਗੁਰਦੁਆਰਾ ਬਾਬੇ ਸ਼ਹੀਦ ਵਿਖੇ ਤਿੰਨ ਦਰਜਨ ਦੇ ਕਰੀਬ ਪਿੰਡਾਂ ਦੀ ਸਾਂਝੀ ਕਾਨਫਰੰਸ ਕਰਕੇ ਦਿੱਲੀ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ 7 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਬੂਰਹਾਂ ’ਤੇ ਡੱਟ ਕਿਸਾਨਾਂ ਤੇ ਮਜ਼ਦੂਰਾਂ ਦੇ ਏਕੇ ਨੂੰ ਮੋਦੀ ਸਰਕਾਰ ਲੱਖ ਯਤਨਾਂ ਦੇ ਬਾਵਜੂਦ ਤੋੜ ਨਹੀਂ ਸਕੀ ਸਗੋਂ ਅੰਦੋਲਨ ਮੋਦੀ ਹਕੂਮਤ ਦੀਆਂ ਜੜ੍ਹਾਂ ਵਿੱਚ ਬੈਠਦਾ ਜਾ ਰਿਹਾ ਹੈ। ਇਸ ਅੰਦੋਲਨ ਨੇ ਕਿਸਾਨੀ ਮੁੱਦਿਆਂ ਦੇ ਨਾਲ-ਨਾਲ ਮੋਦੀ ਸਰਕਾਰ ਦੇ ਫਿਰਕੂ ਏਜੰਡੇ ਬਾਰੇ ਵੀ ਲੋਕਾਂ ਨੂੰ ਸੁਚੇਤ ਕੀਤਾ ਹੈ। ਇਸ ਮੌਕੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਮੱਖਣ ਸਿੰਘ ਕੰਦੋਲਾ ਨੇ ਕਿਹਾ ਕਿ ਜਦੋਂ ਕਿਸਾਨੀ ਸਭ ਕੁਝ ਦਾਅ ਤੇ ਲਾ ਕੇ ਆਪਣੀ ਜ਼ਮੀਨ ਬਚਾਉਣ ਲਈ ਆਪਣੀਆਂ ਕੀਮਤੀ ਜਾਨਾਂ ਗਵਾ ਕੇ ਵੀ ਦਿੱਲੀ ਦੀਆਂ ਸਰਹੱਦਾਂ ’ਤੇ ਲੜ ਰਹੇ ਹਨ ਤਾਂ ਇਸ ਅੰਦੋਲਨ ਵਿੱਚ ਜਿੱਤ ਯਾਕੀਨੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਆਪਣੇ ਚੋਣਾਂ ਦੇ ਏਜੰਡੇ ਲੈ ਕੇ ਪਿੰਡਾਂ ’ਚ ਗੇੜੇ ਕੱਢ ਰਹੀਆਂ ਹਨ। ਉਹ ਕਿਸਾਨੀ ਦੀਆਂ ਕੁਰਬਾਨੀਆ ਲਈ ਜ਼ਿੰਮੇਵਾਰ ਹਨ ਕਿਉਂਕਿ ਇਹ ਸਾਰੀਆਂ ਸਿਆਸੀ ਪਾਰਟੀਆਂ ਪਹਿਲਾਂ ਇਨ੍ਹਾਂ ਕਾਨੂੰਨਾਂ ਦੇ ਹੱਕ ’ਚ ਭੁਗਤ ਕੇ ਆਈਆਂ ਹਨ। ਮੋਦੀ ਸਰਕਾਰ ਆਪਣੇ ਫਾਸ਼ੀਵਾਦੀ ਰਵੱਈਏ ਕਾਰਨ ਕਾਨੂੰਨ ਰੱਦ ਕਰਨ ਦੀ ਵਜਾਏ ਕਾਰਪੋਰੇਟ ਘਰਾਣਿਆਂ ਅੱਗੇ ਝੁਕੀ ਹੋਈ ਹੈ। ਸੈਂਕੜੇ ਕਿਸਾਨਾਂ ਦੀ ਦਿੱਲੀ ਅੰਦੋਲਨ ’ਚ ਹੋਈਆਂ ਮੌਤਾਂ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਇਸ ਮੌਕੇ ਯੂਥ ਵਿੰਗ ਦੇ ਆਗੂ ਤਰਪਰੀਤ ਸਿੰਘ ਉੱਪਲ, ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨੀ ਨੂੰ ਝੋਨੇ ਦੇ ਸੀਜ਼ਨ ’ਚ ਪੂਰੀ ਬਿਜਲੀ ਮੁਹੱਈਆ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਡੀਜ਼ਲ ਪੈਟਰੋਲ ਰਸੋਈ ਗੈਸ ਦੀਆਂ ਕੀਮਤਾਂ ਅਸਮਾਨੀ ਚੜ੍ਹਾ ਦਿੱਤੀਆਂ ਹਨ ਜਿਸ ਕਾਰਨ ਆਮ ਵਰਗ ਨੂੰ ਵੱਡੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮਹਿੰਗਾਈ ਤੇ ਦਿੱਲੀ ਦਾ ਅੰਦੋਲਨ ਮੋਦੀ ਹਕੂਮਤ ਦੀਆਂ ਜੜਾਂ ਚ ਬੈਠੈਗਾ। ਕਿਰਤੀ ਕਿਸਾਨ ਯੂਨੀਅਨ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਪਿੰਡਾਂ ’ਚ ਰੈਲੀਆਂ, ਮੁਜ਼ਾਹਰੇ ਕਰਕੇ ਦਿੱਲੀ ਪਹੁੰਚਣ ਦਾ ਸੱਦਾ ਲਗਾ ਦਿੰਦੀ ਰਹੇਗੀ।