ਜਗਜੀਤ ਸਿੰਘ
ਮੁਕੇਰੀਆਂ, 18 ਸਤੰਬਰ
ਪਿੰਡ ਕਾਲੂ ਚਾਂਗ ਅਤੇ ਨੰਗਲ ਅਵਾਣਾ ਦੇ ਪੰਚਾਇਤੀ ਜ਼ਮੀਨਾਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਮਿੱਟੀ ਪੁਟਾਉਣ ਵਾਲੇ ਸਰਪੰਚਾਂ ਖਿਲਾਫ਼ ਕਾਰਵਾਈ ਦੀ ਮੰਗ ਲਈ ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਪੁਰਾਣਾ ਭੰਗਾਲਾ ਵਿੱਚ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਦਾ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਰਵੀ ਕੁਮਾਰ ਅਤੇ ਵਿਨੋਦ ਕੁਮਾਰ ਨੇ ਕੀਤੀ ਜਿਸ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਆਸ਼ਾ ਨੰਦ ਓਮ ਪ੍ਰਕਾਸ਼ ਅਤੇ ਤਰਸੇਮ ਲਾਲ ਨੇ ਵੀ ਸ਼ਿਰਕਤ ਕੀਤੀ।
ਆਗੂਆਂ ਕਿਹਾ ਕਿ ਬਾਹਰੀ ਸੂਬਿਆਂ ’ਚ ਹੋ ਰਹੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਦੇਣ ਦਾ ਦਾਅਵਾ ਕਰ ਰਹੇ ਹਨ, ਪਰ ਅਸਲ ਤਸਵੀਰ ਇਸ ਦੇ ਬਿਲਕੁਲ ਉਲਟ ਹੈ। ਪਿੰਡ ਨੰਗਲ ਅਵਾਣਾ ਅਤੇ ਕਾਲੂ ਚਾਂਗ ਦੇ ਵਸਨੀਕਾਂ ਨੇ ਆਪਣੇ ਪਿੰਡ ਦੇ ਸਰਪੰਚਾਂ ਵਿਰੁੱਧ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਮਾਈਨਿੰਗ ਕਰਕੇ ਮਿੱਟੀ ਚੋਰੀ ਕਰਨ ਦੀਆਂ ਸ਼ਿਕਾਇਤਾਂ ਕੀਤੀਆਂ ਸਨ। ਇਹ ਦੋਸ਼ ਪੰਚਾਇਤੀ ਅਧਿਕਾਰੀਆਂ ਦੀ ਜਾਂਚ ਵਿੱਚ ਸਾਬਤ ਵੀ ਹੋ ਚੁੱਕੇ ਹਨ ਪਰ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਮਿੱਟੀ ਚੋਰਾਂ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰਨਾ ਦਰਸਾ ਰਿਹਾ ਹੈ ਕਿ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਜਾਰੀ ਹੈ। ਜਥੇਬੰਦੀ ਵੱਲੋਂ ਪੰਚਾਇਤੀ ਵਿਭਾਗ ਖ਼ਿਲਾਫ਼ ਬੀਡੀਪੀਓ ਦਫ਼ਤਰ ਮੂਹਰੇ 31 ਅਗਸਤ ਤੋਂ ਧਰਨਾ ਜਾਰੀ ਹੈ ਪਰ ਪੰਚਾਇਤੀ ਅਧਿਕਾਰੀਆ ਨੇ ਇਸ ਮਾਮਲੇ ਵਿੱਚ ਚੁੱਪੀ ਧਾਰੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਤੱਕ ਸਰਪੰਚਾਂ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਬਲਵੀਰ ਸਿੰਘ, ਸ਼ੀਲਾ ਦੇਵੀ, ਸਵਰਨ ਕੁਮਾਰ, ਅਸ਼ਵਨੀ ਕੁਮਾਰ, ਰੇਖਾ ਦੇਵੀ, ਪੂਨਮ, ਜਸਵੰਤ ਸਿੰਘ, ਅਮਰਨਾਥ, ਸੋਹਣ ਲਾਲ, ਗੁਰਬਚਨ ਸਿੰਘ, ਪ੍ਰੀਕਸ਼ਿਤ ਸਿੰਘ, ਕਲਾਸ਼ੋ ਦੇਵੀ, ਸੁਨੀਤਾ ਦੇਵੀ, ਪਿੰਕੀ, ਦੇਵਰਾਜ, ਸੰਦੀਪ ਕੁਮਾਰ ਆਦਿ ਵੀ ਹਾਜਰ ਸਨ।