ਬਲਵਿੰਦਰ ਸਿੰਘ ਭੰਗੂ
ਭੋਗਪੁਰ, 29 ਨਵੰਬਰ
ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਤੇ ਸਾਬਕਾ ਪਾਰਲੀਮੈਂਟ ਮੈਂਬਰ ਮਹਿੰਦਰ ਸਿੰਘ ਕੇਪੀ ਨੇ ਅੱਜ ਪਿੰਡ ਖਰਲ ਕਲਾਂ ਤੋਂ ਭੱਟੀਆਂ ਸੜਕ, ਭੱਟੀਆਂ ਤੋਂ ਖਰਲ ਕਲਾਂ ਸੜਕ, ਰੇਲਵੇ ਰੋਡ ਮੁੱਖ ਬਾਜ਼ਾਰ ਦੀ ਸੜਕ ਅਤੇ ਪਿੰਡ ਡੱਲੀ ਵਿੱਚ ਸੜਕ ਨੂੰ ਪੱਕਾ ਕਰਨ ਦਾ ਉਦਘਾਟਨ ਕੀਤਾ। ਇਸੇ ਦੌਰਾਨ ਜਦੋਂ ਉਹ ਭੋਗਪੁਰ ਵਿੱਚ ਸੀਵਰੇਜ ਪਾਉਣ ਦਾ ਉਦਘਾਟਨ ਕਰਨ ਲੱਗੇ ਤਾਂ ਅੜਿੱਕਾ ਖੜ੍ਹਾ ਹੋ ਗਿਆ। ਜਾਣਕਾਰੀ ਅਨੁਸਾਰ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਲਈ ਪਿੰਡ ਲੜੋਈ ਦੀ 69 ਲੱਖ ਰੁਪਏ ਦੀ ਰਾਸ਼ੀ ਨਾਲ 12 ਕਨਾਲ ਖਰੀਦੀ ਜਗ੍ਹਾ ’ਤੇ ਦੋ ਪਾਰਟੀਆਂ ਦੇ ਦੋ ਵੱਖ-ਵੱਖ ਅਦਾਲਤਾਂ ਵਿਚ ਮੁਕੱਦਮੇ ਚੱਲ ਰਹੇ ਹਨ। ਇਹ ਜਗ੍ਹਾ ਤਿੰਨ ਧਾਰਮਿਕ ਅਸਥਾਨਾਂ ਦੇ ਨੇੜੇ ਹੋਣ ਕਰਕੇ ਪਿੰਡ ਲੜੋਈ ਦੇ ਵਾਸੀ ਇਤਰਾਜ਼ ਕਰਨ ਲੱਗੇ।
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਨਗਰ ਕੌਂਸਲ ਭੋਗਪੁਰ ਨੇ ਪਿੰਡ ਲੜੋਈ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਲਈ ਮੁਕੱਦਮਿਆਂ ਵਾਲੀ ਜ਼ਮੀਨ ਖਰੀਦੀ ਸੀ। ਹੁਣ ਸਰਕਾਰ ਨੇ ਭੋਗਪੁਰ ਸ਼ਹਿਰ ਵਿੱਚ ਸੀਵਰੇਜ ਪਾਉਣ ਲਈ 16 ਕਰੋੜ ਰੁਪਏ ਨਗਰ ਕੌਂਸਲ ਭੋਗਪੁਰ ਨੂੰ ਭੇਜੇ। ਜਦੋਂ ਪਿੰਡ ਲੜੋਈ ਦੀ ਪੰਚਾਇਤ ਤੇ ਵਾਸੀਆਂ ਨੂੰ ਇਹ ਜਾਣਕਾਰੀ ਮਿਲੀ ਤਾਂ ਸਾਬਕਾ ਸਰਪੰਚ ਮੀਰਾ ਸ਼ਰਮਾ, ਸਾਬਕਾ ਬਲਾਕ ਸਮਿਤੀ ਮੈਂਬਰ ਤੇ ਕਾਂਗਰਸ ਮਹਿਲਾ ਆਗੂ ਪ੍ਰਵੀਨ ਰਾਣੀ ਅਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਸਮੇਤ ਹੋਰਾਂ ਨੇ ਸੀਵਰੇਜ ਪਾਉਣ ਦੇ ਉਦਘਾਟਨੀ ਪੱਥਰ ਨੇੜੇ ਧਰਨਾ ਲਾ ਦਿੱਤਾ। ਇਸ ਮੌਕੇ ਮਹਿੰਦਰ ਸਿੰਘ ਕੇਪੀ ਨੇ ਧਰਨਾਕਾਰੀਆਂ ਨੂੰ ਕੌਂਸਲ ਦਫਤਰ ਸੱਦ ਕੇ ਸੀਵਰੇਜ ਟਰੀਟਮੈਂਟ ਪਲਾਂਟ ਹੋਰ ਜਗ੍ਹਾ ’ਤੇ ਲਗਵਾਉਣ ਦਾ ਭਰੋਸਾ ਦਿੱਤਾ, ਜਿਸ ਨੂੰ ਲੋਕਾਂ ਨੇ ਮੰਨ ਲਿਆ।
ਡਰਾਮੇ ਕਰ ਰਹੇ ਨੇ ਕਾਂਗਰਸੀ ਆਗੂ : ਵਿਧਾਇਕ ਟੀਨੂੰ
ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕਾਂਗਰਸੀ ਡਰਾਮੇ ਕਰ ਰਹੇ ਹਨ। ਜੇ ਸ਼ਹਿਰ ਵਿੱਚ ਸੀਵਰੇਜ ਪਾਉਣਾ ਹੈ ਤਾਂ ਸ਼ਹਿਰ ਵਿਚ ਪੱਕੀਆਂ ਸੜਕਾਂ ਬਣਾਉਣ ਦੇ ਉਦਘਾਟਨ ਕਿਉਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਪਾਉਣ ਸਮੇਂ ਇਹ ਸੜਕਾਂ ਫਿਰ ਪੁੱਟਣੀਆਂ ਪੈਣਗੀਆਂ, ਜਿਸ ਕਰਕੇ ਸਰਕਾਰੀ ਖ਼ਜ਼ਾਨੇ ਦੀ ਬਰਬਾਦੀ ਹੋਵੇਗੀ।