ਪਾਲ ਸਿੰਘ ਨੌਲੀ
ਜਲੰਧਰ, 14 ਸਤੰਬਰ
ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ 15 ਸਾਲਾ ਕੁਸੁਮ ਨੂੰ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇੱਕ ਵਧੀਆ ਸਮਾਰਟ ਫੋਨ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨ ਕੀਤਾ। ਸ੍ਰੀ ਭੁੱਲਰ ਨੇ ਕੁਸਮ ਨੂੰ ਆਪਣੇ ਮਾਪਿਆਂ ਨਾਲ ਪੁਲੀਸ ਲਾਈਨ ਵਿਚ ਚਾਹ ਦੇ ਇਕ ਕੱਪ ’ਤੇ ਬੁਲਾਇਆ ਸੀ ਅਤੇ ਉਸ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਕੁਸਮ ਹੁਣ ਦੂਜੀਆਂ ਕੁੜੀਆਂ ਲਈ ਮਿਸਾਲ ਬਣ ਗਈ ਹੈ ਅਤੇ ਸਮਾਜ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੇ ਕਈ ਖੇਤਰਾਂ ਵਿੱਚ ਲੜਕਿਆਂ ਨੂੰ ਪਛਾੜ ਦਿੱਤਾ ਹੈ ਭਾਵੇਂ ਉਹ ਅਫਸਰਸ਼ਾਹੀ ਹੋਵੇ, ਰਾਜਨੀਤੀ ਜਾਂ ਖੇਡਾਂ ਹੋਣ। ਜਿਵੇਂ ਕੁਸੁਮ ਦੇ ਪਰਿਵਾਰ ਨੇ ਉਸ ਨੂੰ ਐੱਨਸੀਸੀ ਵਿਚ ਸ਼ਾਮਲ ਹੋਣ ਜਾਂ ਸਿੱਖਿਆ ਦੇ ਨਾਲ ਨਾਲ ਤਾਈਕਵਾਂਡੋ ਦੀ ਸਿਖਲਾਈ ਦੇ ਫੈਸਲੇ ਦਾ ਸਮਰਥਨ ਕੀਤਾ ਹੈ।
ਪੁਲੀਸ ਕਮਿਸ਼ਨਰ ਨੇ ਕਿਹਾ ਕਿ ਸਮਾਰਟ ਫੋਨ ਕੁਸੁਮ ਨੂੰ ਆਨਲਾਈਨ ਕਲਾਸਾਂ ਰਾਹੀਂ ਆਪਣੀ ਪੜ੍ਹਾਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਣ ਵਿੱਚ ਮਦਦ ਕਰੇਗਾ। ਯੂਐੱਸਏ ਰਹਿਣ ਵਾਲੇ ਇਕ ਸਮਾਜ ਸੇਵੀ ਵਲੋਂ ਕੁਸੁਮ ਨੂੰ 51,000 ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਲਈ ਉਸ ਦਾ ਖਾਤਾ ਨੰਬਰ ਸਮਾਜ ਸੇਵੀ ਨੂੰ ਦਿੱਤਾ ਗਿਆ ਹੈ, ਜੋ ਉਸ ਦੇ ਖਾਤੇ ਵਿਚ ਪੈਸੇ ਸਿੱਧਾ ਭੇਜਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲੀਸ ਕੁਸਮ ਦੇ ਪੁਲੀਸ ਅਧਿਕਾਰੀ ਬਣਨ ਅਤੇ ਸਮਾਜ ਸੇਵਾ ਕਰਨ ਦੇ ਉਸ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਸਾਥ ਦੇਵੇਗੀ। ਇਸ ਮੌਕੇ ਹਾਜ਼ਰ ਪ੍ਰਮੁੱਖ ਲੋਕਾਂ ਵਿੱਚ ਡਿਪਟੀ ਕਮਿਸ਼ਨਰ ਪੁਲੀਸ (ਡੀਸੀਪੀ ਇਨਵੈਸਟੀਗੇਸ਼ਨ) ਗੁਰਮੀਤ ਸਿੰਘ, ਏਸੀਪੀ ਬਿਮਲ ਕਾਂਤ ਅਤੇ ਹੋਰ ਸ਼ਾਮਲ ਸਨ।