ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 18 ਨਵੰਬਰ
ਚੋਰਾਂ ਨੇ ਵੱਖ ਵੱਖ ਪਿੰਡਾਂ ਵਿੱਚ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ। ਪਿੰਡ ਪੰਡੋਰੀ ਨਿੱਝਰਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਦੌਰਾਨ ਚੋਰਾਂ ਨੇ 2 ਘਰਾਂ ਨੂੰ ਨਿਸ਼ਾਨਾ ਬਣਾਇਆ ਤੇ 10 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਤੇ 60 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਕੇ ਲੈ ਗਏ। ਚੋਰਾਂ ਨੇ ਮੱਖਣ ਸਿੰਘ ਪੁੱਤਰ ਅਮਰ ਸਿੰਘ ਦੇ ਘਰ ਦੇ ਤਾਲੇ ਤੋੜ ਕੇ ਉਨ੍ਹਾਂ ਦੇ ਘਰ ਵਿੱਚ ਪਏ 10 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਤੇ 60 ਹਜ਼ਾਰ ਰੁਪਏ ਚੋਰੀ ਕਰ ਲਏ। ਪਿੰਡ ਜੱਫਲ ਝਿੰਗੜ ਵਿੱਚ ਪਿਸਤੌਲ ਦੀ ਨੋਕ ’ਤੇ ਔਰਤ ਨੂੰ ਘਰ ਵਿੱਚ ਬੰਦੀ ਬਣਾ ਕੇ ਲੱਖਾਂ ਦੇ ਗਹਿਣੇ ਅਤੇ ਨਗਦੀ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ। ਪੀੜਤ ਮਹਿਲਾ ਕਰਮਜੀਤ ਕੌਰ ਪਤਨੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੇ ਪਰਿਵਾਰਕ ਮੈਂਬਰ ਘਰੋਂ ਖੂਹ ’ਤੇ ਗਏ ਹੋਏ ਸਨ ਤੇ ਉਹ ਘਰ ਵਿੱਚ ਇਕੱਲੀ ਸੀ। ਜਦਕਿ ਉਸ ਦਾ ਛੋਟਾ ਬੇਟਾ ਅੰਦਰ ਸੌਂ ਰਿਹਾ ਸੀ ਕਿ ਘਰ ਅੰਦਰ ਦਾਖਲ ਹੋ ਕੇ ਦੋ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਉਸ ਉੱਪਰ ਹਮਲਾ ਕਰਕੇ ਬੰਦੀ ਬਣਾ ਕੇ ਮੂੰਹ ਉੱਪਰ ਟੇਪ ਲਪੇਟ ਦਿੱਤੀ ਅਤੇ ਪੇਟੀ ਦੇ ਜਿੰਦਰੇ ਤੋੜ ਕੇ ਉਸ ਵਿੱਚੋਂ ਡੇਢ ਲੱਖ ਰੁਪਏ ਦੀ ਨਕਦੀ ਅਤੇ ਤਿੰਨ ਤੋਲੇ ਸੋਨਾ ਲੁੱਟ ਕੇ ਫ਼ਰਾਰ ਹੋ ਗਏ।