ਦੀਪਕ ਠਾਕੁਰ
ਤਲਵਾੜਾ, 1 ਜਨਵਰੀ
ਇੱਥੇ ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਇਕੱਤਰਤਾ ਕੀਤੀ ਗਈ। ਸਰਪੰਚ ਅਸ਼ਵਨੀ ਕੁਮਾਰ, ਲੰਬਰਦਾਰ ਸੰਜੀਵ ਬੱਲੂ ਅਤੇ ਸਰਪੰਚ ਸੁਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਏ ਇਕੱਠ ਵਿੱਚ ਵੱਖ-ਵੱਖ ਪਿੰਡਾਂ ਦੇ ਇਕੱਤਰ ਹੋਏ ਜ਼ਮੀਨ ਮਾਲਕਾਂ ਨੇ ਤਜਵੀਜ਼ਤ ਰੇਲਵੇ ਲਾਈਨ ਨੰਗਲ ਡੈਮ-ਤਲਵਾੜਾ ਵਾਇਆ ਊਨਾ ਲਈ ਖ਼ੇਤਰ ’ਚ ਘੱਟ ਰੇਟਾਂ ’ਤੇ ਗ੍ਰਹਿਣ ਕੀਤੀ ਜਾ ਰਹੀ ਜ਼ਮੀਨ ਦਾ ਸਖ਼ਤ ਸ਼ਬਦਾਂ ’ਚ ਵਿਰੋਧ ਕੀਤਾ। ਸੇਵਾਮੁਕਤ ਕੈਪਟਨ ਸੁਨੀਲ ਕੁਮਾਰ ਕਰਟੌਲੀ ਨੇ ਦੱਸਿਆ ਕਿ ਸਰਕਾਰ ਵੱਲੋਂ ਸਰਹੱਦੀ ਪਿੰਡ ਭਟੋਲੀ, ਭਵਨੌਰ, ਰਾਮਗੜ੍ਹ ਸੀਕਰੀ, ਨੰਗਲ ਖਨੌੜਾ ਅਤੇ ਕਰਟੌਲੀ ਵਿੱਚ ਵਾਧੂ ਜ਼ਮੀਨ ਗ੍ਰਹਿਣ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਉਸ ਨਾਲ ਉਹ ਸਹਿਮਤ ਨਹੀਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪਿੱਛਲੇ ਦਿਨੀਂ ਸੰਘਰਸ਼ ਕਮੇਟੀ ਦੇ ਵਫ਼ਦ ਨਾਲ ਹੋਈਆਂ ਮੀਟਿੰਗਾਂ ਦੌਰਾਨ ਨਵੇਂ ਐਵਾਰਡ ’ਚ ਮੌਜੂਦਾ ਕੁਲੈਕਟਰ ਰੇਟ ’ਤੇ ਜ਼ਮੀਨ ਦੇ ਭਾਅ ਦੇਣ ਦਾ ਭਰੋਸਾ ਦਿੱਤਾ ਸੀ ਪਰ ਪ੍ਰਸ਼ਾਸਨ ਨੇ ਜੋ ਨੋਟੀਫਿਕੇਸ਼ਨ ਦਾ ਇਸ਼ਤਿਹਾਰ ਅਖ਼ਬਾਰ ਵਿੱਚ ਦਿੱਤਾ ਹੈ, ਉਸ ਤਹਿਤ ਪਹਿਲਾਂ ਹੋਏ ਐਵਾਰਡ ਤੋਂ ਮਹਿਜ਼ 20 ਫ਼ੀਸਦੀ ਵਾਧਾ ਕੀਤਾ ਗਿਆ ਹੈ। ਇਸ ਨੂੰ ਜ਼ਮੀਨ ਮਾਲਕਾਂ ਨੇ ਮੁੱਢੋਂ ਹੀ ਖਾਰਜ਼ ਕਰ ਦਿੱਤਾ ਹੈ। ਬੁਲਾਰਿਆਂ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਤੋਂ 66 ਇੰਚ ਦੀ ਕਰਮ ਦੇ ਹਿਸਾਬ ਨਾਲ ਹੈਕਟੇਅਰਾਂ ’ਚ ਜ਼ਮੀਨ ਗ੍ਰਹਿਣ ਕਰ ਰਹੀ ਹੈ, ਜਦੋਂਕਿ ਮਾਲ ਵਿਭਾਗ ਵੱਲੋਂ ਕੰਢੀ ਖ਼ੇਤਰ ’ਚ ਸਾਢੇ 57 ਇੰਚ ਦੀ ਕਰਮ ਨਾਲ ਪੈਮਾਇਸ਼ ਕੀਤੀ ਜਾਂਦੀ ਹੈ। ਇਸ ਮੌਕੇ ਹਾਜ਼ਰ ਜ਼ਮੀਨ ਮਾਲਕਾਂ ਨੇ ਸਰਕਾਰ ਤੋਂ ਮੌਜੂਦਾ ਕੁਲੈਕਟਰ ਰੇਟਾਂ ’ਤੇ ਜ਼ਮੀਨ ਦਾ ਭਾਅ ਨਿਰਧਾਰਿਤ ਕਰਨ, ਸਟੇਟ ਹਾਈਵੇਅ ਤੋਂ ਦੋ ਕਿਲੇ ਅੰਦਰ ਪੈਂਦੀ ਜ਼ਮੀਨ ਦਾ ਕਮਰਸ਼ੀਅਲ ਭਾਅ ਦੇਣ, ਜ਼ਮੀਨ ਗ੍ਰਹਿਣ ਤੋਂ ਪਹਿਲਾਂ ਸਬੰਧਤ ਜ਼ਮੀਨ ਦੀ ਮੌਜੂਦਾ ਕਿਸਮ ਦਰਜ ਕਰਨ ਆਦਿ ਦੀ ਮੰਗ ਕੀਤੀ।
ਇਸ ਮੌਕੇ ’ਤੇ ਹਾਜ਼ਰ ਲੋਕਾਂ ਨੇ ਮੌਜੂਦਾ ਕੁਲੈਕਟਰ ਰੇਟਾਂ ਤੋਂ ਘੱਟ ਭਾਅ ’ਤੇ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਮੰਗਾਂ ਨਾ ਮੰਨੇ ਜਾਣ ’ਤੇ ਜਥੇਬੰਦਕ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮਾਸਟਰ ਕੁੰਦਨ ਲਾਲ ਟੋਹਲੂ, ਰਣਬੀਰ ਸਿੰਘ ਹਲੇੜ੍ਹ, ਜਸਵੰਤ ਸਿੰਘ, ਯਸ਼ਪਾਲ ਸਿੰਘ ਤੇ ਜੀਤ ਸਿੰਘ ਭੋਂਬੋਤਾੜ, ਬਖਸ਼ਿਸ਼ ਸਿੰਘ ਰਜਵਾਲ, ਗੁਰਦਾਸ ਰਾਮ ਨੰਗਲ ਖਨੌੜਾ, ਰਿਤੇਸ਼ ਸ਼ਰਮਾ ਭਟੇੜ, ਬਲਦੇਵ ਸਿੰਘ ਤਲਵਾੜਾ ਨੇ ਵੀ ਸੰਬੋਧਨ ਕੀਤਾ।