ਬਲਵਿੰਦਰ ਸਿੰਘ ਭੰਗੂ
ਭੋਗਪੁਰ,13 ਜੂਨ
ਲੁਹਾਰਾਂ-ਚਾਹੜਕੇ ਸੜਕ ’ਤੇ ਸਥਿਤ ਤੇ ਨਗਰ ਕੌਂਸਲ ਭੋਗਪੁਰ ਦੀ ਹੱਦ ਨਾਲ ਫਰਜ਼ੀ ਕਾਲੋਨਾਈਜ਼ਰਾਂ ਵੱਲੋਂ ਡਾਕਟਰ ਨਿਰਮਲ ਸਿੰਘ ਦੀ ਜ਼ਮੀਨ ’ਚ ਗੁਰੂ ਰਾਮਦਾਸ ਐਨਕਲੇਵ ਨਾਂ ਦੀ ਬਣਾਈ ਅਣ-ਅਧਿਕਾਰਤ ਕਲੋਨੀ ਦੇ ਗੋਰਖ ਧੰਦੇ ਦੀਆਂ ਪਰਤਾਂ ਖੁੱਲ੍ਹਣ ਲੱਗ ਪਈਆਂ ਹਨ। ਕਾਲੋਨਾਈਜ਼ਰਾਂ ਨੇ ਕਲੋਨੀ ’ਚ ਨਾ ਸੜਕਾਂ ਬਣਾਈਆਂ, ਨਾ ਪਾਣੀ ਦਾ ਪ੍ਰਬੰਧ ਕੀਤਾ ਤੇ ਨਾ ਹੀ ਪਾਣੀ ਨਿਕਾਸੀ ਸਣੇ ਕੋਈ ਹੋਰ ਸਹੂਲਤਾਂ ਦਿੱਤੀ। ਸਗੋਂ ਸਰਕਾਰੀ ਸੜਕ ਵੀ ਇਸ ਕਲੋਨੀ ਵਿੱਚ ਸ਼ਾਮਲ ਕਰ ਲਈ ਹੈ। ਉਹ ਸਬਜ਼ਬਾਗ ਦਿਖਾ ਕੇ ਪਲਾਟ ਤੇ ਦੁਕਾਨਾਂ ਵੇਚ ਕੇ ਦੌੜ ਗਏ। ਇਸ ਅਣ-ਅਧਿਕਾਰਤ ਕਲੋਨੀ ਵਿੱਚ ਇੱਕ ਜੀਓਜੀ ਚਰਨਜੀਤ ਸਿੰਘ ਨੇ ਖ਼ੁਦ 300 ਵਰਗ ਫੁੱਟ ਦੁਕਾਨ ਖ਼ਰੀਦੀ ਪਰ ਕਬਜ਼ਾ 500 ਵਰਗ ਫੁੱਟ ’ਤੇ ਕੀਤਾ ਹੋਇਆ ਹੈ ਤੇ ਇਮਾਰਤ ਲਈ ਸਰਕਾਰੀ ਪਾਣੀ ਵੀ ਚੋਰੀ ਲੈ ਰਿਹਾ ਹੈ। ਦੂਜੇ ਪਾਸੇ ਵਿਕਾਸ ਅਥਾਰਟੀ ਜਲੰਧਰ ਦੇ ਵਧੀਕ ਮੁੱਖ ਪ੍ਰਸ਼ਾਸਕ ਨੇ ਲਿਖਤੀ ਰੂਪ ਵਿੱਚ ਦਿੱਤਾ ਕਿ ਇਸ ਅਣ-ਅਧਿਕਾਰਤ ਕਲੋਨੀ ਦੇ ਅਖੌਤੀ ਕਲੋਨਾਈਜ਼ਰਾਂ ਨੇ ਰੈਗੂਲਰਾਜੇਸਨ ਫੀਸ ਪੁਡਾ ਵਿਭਾਗ ਵਿੱਚ ਜਮ੍ਹਾਂ ਨਹੀਂ ਕਰਾਈ ਇਸ ਲਈ ਇਹ ਕਲੋਨੀ ਨਾਜਾਇਜ਼ ਹੈ। ਇਸ ਬਾਰੇ ਜੀਓਜੀ ਵਿਭਾਗ ਦੇ ਅਫ਼ਸਰ ਕਰਨਲ ਬਚਨ ਸਿੰਘ ਨੂੰ ਜੀਓਜੀ ਚਰਨਜੀਤ ਸਿੰਘ ਵੱਲੋਂ ਕੀਤੇ ਕਬਜ਼ੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਜੇਕਰ ਜੀਓਜੀ ਦਾ ਨਾਜਾਇਜ਼ ਕਬਜ਼ਾ ਸਿੱਧ ਹੋ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।
ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਜਦੋਂ ਸਬ-ਤਹਿਸੀਲ ਭੋਗਪੁਰ ਦਾ ਧਿਆਨ ਇਸ ਗੋਰਖ ਧੰਦੇ ਵੱਲ ਦਿਵਾਇਆ ਤਾਂ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਅਣ-ਅਧਿਕਾਰਤ ਕਲੋਨੀ ਦੀਆਂ ਰਜਿਸਟਰੀਆਂ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਸਨ ਪਰ ਹਾਈ ਕੋਰਟ ਨੇ ਅਪਰੈਲ ਮਹੀਨੇ ਤੋਂ ਅਣ-ਅਧਿਕਾਰਤ ਕਲੋਨੀ ਵਿੱਚ ਪਲਾਟਾਂ ਤੇ ਦੁਕਾਨਾਂ ਦੀਆਂ ਰਜਿਸਟਰੀਆਂ ‘ਤੇ ਪੂਰਨ ਰੋਕ ਲਗਾ ਦਿੱਤੀ ਹੈ। ਇਸ ਕਰਕੇ ਹੁਣ ਜਿਨ੍ਹਾਂ ਨੇ ਅਣ-ਅਧਿਕਾਰਤ ਕਲੋਨੀਆਂ ਵਿੱਚ ਪਲਾਟ ਜਾਂ ਦੁਕਾਨ ਖ਼ਰੀਦੀ ਹੈ ਉਨ੍ਹਾਂ ਲਈ ਔਖ਼ਾ ਹੋ ਗਿਆ ਹੈ ਅਤੇ ਜਿਨ੍ਹਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹਨ ਉਨ੍ਹਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਕਬਜ਼ੇ ਛੁਡਵਾਏ ਜਾਣਗੇ।