ਪਾਲ ਸਿੰਘ ਨੌਲੀ
ਜਲੰਧਰ, 25 ਜੁਲਾਈ
ਸੀਪੀਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਵਿੱਚ ਕਰੋਨਾ ਮਹਾਂਮਾਰੀ ਦੀ ਆੜ ’ਚ ਕੇਂਦਰ ਅਤੇ ਪੰਜਾਬ ਸਰਕਾਰ ਜਮਹੂਰੀ ਹੱਕਾਂ ਨੂੰ ਖ਼ਤਮ ਕਰਨ ਅਤੇ ਹੱਕਾਂ ਦੀ ਗੱਲ ਕਰਨ ਵਾਲੇ ਕਮਿਊਨਿਸਟਾਂ, ਤਰਕਸ਼ੀਲਾਂ, ਬੁੱਧੀਜੀਵੀਆਂ ਅਤੇ ਲੇਖਕਾਂ ਦੀ ਜ਼ੁਬਾਨਬੰਦੀ ਅਤੇ ਕਲਮਬੰਦੀ ਲਈ ਪੂਰੇ ਜਬਰ-ਜੋਸ਼ ਨਾਲ ਲੱਗੀ ਹੋਈ ਹੈ। ਉਹ ਅੱਜ ਇਥੇ ਸੀਪੀਆਈ ਦੀ ਜ਼ਿਲ੍ਹਾ ਕੌਂਸਲ ਨੂੰ ਸੰਬੋਧਨ ਕਰ ਰਹੇ ਸਨ।
ਪੰਜਾਬ ਵਿੱਚ ਖੱਬੀਆਂ ਪਾਰਟੀਆਂ ਦੇ ਗੱਠਜੋੜ ਦਾ ਜ਼ਿਕਰ ਕਰਦਿਆਂ ਸ੍ਰੀ ਬਰਾੜ ਨੇ ਕਿਹਾ ਕਿ ਇਨ੍ਹਾਂ ਵੱਲੋਂ ਰਲ ਕੇ ਵਿੱਢੀਆਂ ਮੁਹਿੰਮਾਂ ਨੂੰ ਪੰਜਾਬ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।ਤਿ੍ਰਪੁਰਾ ਦੇ ਮੁੱਖ ਮੰਤਰੀ ਵੱਲੋਂ ਹਰਿਆਣਾ ਦੇ ਜਾਟਾਂ ਅਤੇ ਪੰਜਾਬ ਦੇ ਜੱਟਾਂ ’ਤੇ ਮੂਰਖਾਨਾ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਕਮਿਊਨਿਸਟ ਆਗੂ ਨੇ ਕਿਹਾ ਕਿ ਇਹ ਟਿੱਪਣੀ ਸ਼ਹੀਦੇ ਆਜ਼ਮ ਭਗਤ ਸਿੰਘ, ਗਦਰੀ ਬਾਬਿਆਂ ਅਤੇ ਬੱਬਰ ਅਕਾਲੀ ਲਹਿਰ ਵਿੱਚ ਅੱਗੇ ਹੋ ਕੇ ਕੁਰਬਾਨੀਆਂ ਦੇਣ ਵਾਲੇ ਮਹਾਨ ਮਨੁੱਖਾਂ ਦੀ ਤੌਹੀਨ ਹੈ।
ਉਨ੍ਹਾਂ ਕਿਹਾ ਕਿ 27 ਜੁਲਾਈ ਨੂੰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਖੇਤੀ ਆਰਡੀਨੈਂਸ ਦੇ ਵਿਰੁੱਧ ਰੋਸ ਵਿੱਚ ਸੀਪੀਆਈ ਵਧ-ਚੜ੍ਹ ਕੇ ਹਿੱਸਾ ਲਵੇਗੀ। ਮੀਟਿੰਗ ਨੂੰ ਸੀਪੀਆਈ ਦੇ ਸਹਾਇਕ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਵੀ ਸੰਬੋਧਨ ਕੀਤਾ।ਮੀਟਿੰਗ ਨੂੰ ਸੀਪੀਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਜਿੰਦਰ ਸਿੰਘ ਮੰਡ, ਚਰਨਜੀਤ ਥੰਮੂਵਾਲ ਅਤੇ ਰਛਪਾਲ ਕੈਲੇ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿੱਚ ਹਰਜਿੰਦਰ ਸਿੰਘ ਮੌਜੀ ਅਤੇ ਰਛਪਾਲ ਕੈਲੇ ਨੂੰ ਸੀਪੀਆਈ ਜ਼ਿਲ੍ਹਾ ਜਲੰਧਰ ਦੇ ਸਹਾਇਕ ਸਕੱਤਰ ਚੁਣਿਆ ਗਿਆ।