ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਮਈ
ਭਾਜਪਾ ਦੇ ਸਾਬਕਾ ਮੰਤਰੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਵਾਲ ਕੀਤਾ ਹੈ ਕਿ ਜੇਕਰ ਇਕ ਵਿਧਾਇਕ ਹੀ ਮੁੱਖ ਮੰਤਰੀ ਦੇ ਫੈਸਲੇ ਦੀ ਉਲੰਘਣਾ ਕਰੇ ਤਾਂ ਕੀ ਉਸ ਦੇ ਵਿਰੁੱਧ ਉਸੇ ਤਰ੍ਹਾਂ ਦਾ ਅਪਰਾਧਿਕ ਮਾਮਲਾ ਦਰਜ ਹੋ ਸਕਦਾ ਹੈ, ਜਿਹੜਾ ਕਿ ਆਮ ਆਦਮੀ ਵਿਰੁੱਧ ਕੋਵਿਡ ਦੀ ਉਲੰਘਣਾ ਵੇਲੇ ਕੀਤਾ ਜਾਂਦਾ ਹੈ। ਸ੍ਰੀ ਕਾਲੀਆ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਕੋਵਿਡ ਦੀ ਦੂਜੀ ਲਹਿਰ ਨੂੰ ਧਿਆਨ ’ਚ ਰੱਖਦਿਆਂ ਹਫਤੇ ਦੇ ਦੋ ਦਿਨ ਲੌਕਡਾਊਨ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ ਹੈ ਉਹ ਇਕ ਸਹੀ ਫੈਸਲਾ ਹੈ। ਲੰਘੀ 9 ਮਈ ਨੂੰ ਐਤਵਾਰ ਵਾਲੇ ਦਿਨ ਜਦੋਂ ਲੌਕਡਾਊਨ ਸੀ, ਉਸ ਵੇਲੇ ਕਾਂਗਰਸ ਦੇ ਵਿਧਾਇਕ ਰਜਿੰਦਰ ਬੇਰੀ ਨੇ ਧੰਨੋਵਾਲੀ ਪਿੰਡ ਵਿਚ ਇਕ ਜਿਮ ਦਾ ਉਦਘਾਟਨ ਕੀਤਾ ਹੈ। ਸ੍ਰੀ ਕਾਲੀਆ ਨੇ ਕਿਹਾ ਕਿ ਜਿਮ ਦਾ ਉਦਘਾਟਨ ਕਰਨ ’ਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ, ਇਹ ਜਿਮ ਬਿਨਾਂ ਉਦਘਾਟਨ ਤੋਂ ਵੀ ਜਨਤਾ ਨੂੰ ਸਮਰਪਿਤ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਜੇ ਕੋਈ ਆਮ ਆਦਮੀ ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਜਾਂਦਾ ਹੈ। ਭਾਜਪਾ ਆਗੂ ਨੇ ਕਾਂਗਰਸੀ ਵਿਧਾਇਕ ਵੱਲੋਂ ਜਿਮ ਦੇ ਕੀਤੇ ਉਦਘਾਟਨ ਦੀਆਂ ਤਸਵੀਰਾਂ, ਜਿਹੜੀਆਂ ਕਿ ਅਖਬਾਰਾਂ ਵਿਚ ਛਪੀਆਂ ਹਨ, ਉਨ੍ਹਾਂ ਦੀ ਕਟਿੰਗ ਵੀ ਮੁੱਖ ਮੰਤਰੀ ਨੂੰ ਭੇਜੀ ਹੈ।