ਜਗਜੀਤ ਸਿੰਘ
ਮੁਕੇਰੀਆਂ, 30 ਅਪਰੈਲ
ਇੱਥੋਂ ਦੀਆਂ ਮੰਡੀਆਂ ਵਿੱਚ ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ ਕਾਰਨ ਕਿਸਾਨ ਤੇ ਆੜ੍ਹਤੀਏ ਪ੍ਰੇਸ਼ਾਨ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਖਰੀਦ ਦਾ ਉਦਘਾਟਨ ਕਰਨ ਮੌਕੇ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਉਣ ਦੇਣ ਦੇ ਦਾਅਵੇ ਕਰਨ ਵਾਲੀ ਵਿਧਾਇਕਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚੋਂ ਕੋਈ ਵੀ ਮੰਡੀਆਂ ਵਿੱਚ ਨਹੀਂ ਬਹੁੜ ਰਿਹਾ।
ਮਾਰਕੀਟ ਕਮੇਟੀ ਮੁਕੇਰੀਆਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇੱਥੋਂ ਦੀਆਂ 25 ਮੰਡੀਆਂ ਵਿੱਚ ਕਣਕ ਦੀ ਕਰੀਬ 6.48 ਲੱਖ ਬੋਰੀ ਚੁਕਾਈ ਲਈ ਪਈ ਹੈ। ਹੁਣ ਤੱਕ 4.88 ਲੱਖ ਕੁਇੰਟਲ ਖਰੀਦ ਹੋਈ ਹੈ ਜਿਸ ਵਿੱਚੋਂ 3.24 ਲੱਖ ਕੁਇੰਟਲ ਕਣਕ ਮੰਡੀਆਂ ਵਿੱਚ ਹੀ ਪਈ ਹੈ। ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਖੁੱਲ੍ਹੇ ਅਸਮਾਨ ਅੰਦਰ ਵੱਡੇ ਢੇਰ ਲੱਗੇ ਹੋਏ ਹਨ। ਵੇਅਰਹਾਊਸ ਅਧੀਨ ਆਉਂਦੀ ਭੰਗਾਲਾ ਮੰਡੀ ਵਿੱਚ ਤਾਂ ਆੜ੍ਹਤੀਏ ਦੁਕਾਨਾਂ ਅੰਦਰ ਖੁੱਲ੍ਹਾ ਭੰਡਾਰ ਕਰਨ ਲਈ ਮਜ਼ਬੂਰ ਹਨ। ਵੇਅਰਹਾਊਸ ਅਧੀਨ ਆਉਂਦੀ ਹਰਸੇ ਮਾਨਸਰ, ਭੰਗਾਲਾ, ਗੋਲੜਾ, ਬੁੱਢਾਬੜ ਤੇ ਦਾਤਾਰਪੁਰ ਮੰਡੀ ਵਿੱਚ ਬਾਰਦਾਨਾ ਨਹੀਂ ਪਹੁੰਚਿਆ ਹੈ। ਨੁਸ਼ਿਹਰਾ ਮੰਡੀ ਵਿੱਚ ਵੀ ਬਾਰਦਾਨਾ ਨਾ ਮਿਲਣ ਕਾਰਨ ਖਰੀਦ ਪ੍ਰਬੰਧ ਠੱਪ ਪਏ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਖਰੀਦ ਪ੍ਰਬੰਧ ਸ਼ੁਰੂ ਕਰਾਉਣ ਮੌਕੇ ਹਲਕਾ ਵਿਧਾਇਕਾ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਵੱਡੇ ਦਾਅਵੇ ਕੀਤੇ ਸਨ, ਪਰ ਹੁਣ ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ ਆਉਣ ’ਤੇ ਮੰਡੀਆਂ ਵਿੱਚ ਆਉਣਾ ਛੱਡ ਗਏ ਹਨ। ਕਈ ਮੰਡੀਆਂ ਵਿੱਚੋਂ ਤਾਂ ਖਰੀਦ ਏਜੰਸੀਆਂ ਦੇ ਇੰਸਪੈਕਟਰ ਵੀ ਗਾਇਬ ਹਨ। ਅਦਾਇਗੀ ਵੱਲ ਵੀ ਕਿਸੇ ਸਰਕਾਰ ਜਾਂ ਅਧਿਕਾਰੀ ਵਲੋਂ ਤਵੱਜੋਂ ਨਹੀਂ ਦਿੱਤੀ ਜਾ ਰਹੀ। ਸਾਰਾ ਮਾਲ ਐੱਫਸੀਆਈ ਗੁਦਾਮਾਂ ਵਿੱਚ ਉਤਰਦਾ ਹੋਣ ਕਾਰਨ ਉੱਥੇ ਮਜ਼ਦੂਰਾਂ ਦੀ ਘਾਟ ਕਾਰਨ ਟਰੱਕ ਕਈ ਕਈ ਦਿਨ ਵਾਪਸ ਨਹੀਂ ਆਉਂਦੇ।
ਇਸੇ ਦੌਰਾਨ ਹਲਕਾ ਵਿਧਾਇਕਾ ਇੰਦੂ ਬਾਲਾ ਨੇ ਕਿਹਾ ਕਿ ਬਾਰਦਾਨੇ ਦੀ ਘਾਟ ਤੇ ਫਿਲਟਿੰਗ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਉਹ ਲਗਾਤਾਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਜਲਦ ਹੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ। ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਨਿਰਮਲਜੀਤ ਸਿੰਘ ਨੇ ਕਿਹਾ ਕਿ ਜਲਦ ਹੀ ਬਾਰਦਾਨਾ ਜ਼ਿਲ੍ਹਾ ਦਫ਼ਤਰ ਵਿੱਚ ਪੁੱਜਣ ਦੀ ਸੰਭਾਵਨਾ ਹੈ। ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਫਸਰ ਰਜਨੀਸ਼ ਕੌਰ ਨੇ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਪੂਰੀ ਕਰਨ ਲਈ ਖਰੀਦ ਏਜੰਸੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਜਲਦ ਹੀ ਲਿਫਟਿੰਗ ਦੀ ਸਮੱਸਿਆ ਵੀ ਹੱਲ ਕਰ ਲਈ ਜਾਵੇਗੀ। ਉਨ੍ਹਾਂ ਮੰਨਿਆ ਕਿ ਲਿਫਟਿੰਗ ਦੀ ਸਮੱਸਿਆ ਐੱਫਸੀਆਈ ਗੋਦਾਮਾਂ ਵਿੱਚ ਮਾਲ ਉਤਰਨ ਵਿੱਚ ਹੋ ਰਹੀ ਦੇਰੀ ਕਾਰਨ ਹੋ ਰਹੀ ਹੈ ਜਿਸ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ।
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਕੂਚ ਕਰਨ ਦਾ ਸੱਦਾ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹੇ ਦੇ 4 ਜ਼ੋਨਾਂ ਰਾਮਤੀਰਥ, ਚੋਗਾਵਾਂ, ਬਾਉਲੀ ਸਾਹਿਬ ਤੇ ਬਾਬਾ ਸੋਹਣ ਸਿੰਘ ਭਕਨਾ ਦੇ ਕਾਰਕੁਨਾਂ ਦੀ ਮੀਟਿੰਗ ਚਵਿੰਡਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਵਿਚ 5 ਮਈ ਨੂੰ ਦਿੱਲੀ ਵਿੱਚ ਜਾਰੀ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਵੱਡਾ ਜਥਾ ਲਿਜਾਣ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਅਤੇ ਨੌਜਵਾਨਾਂ ਦਾ ਵੱਡਾ ਜਥਾ 5 ਮਈ ਨੂੰ ਬਿਆਸ ਪੁਲ ਤੋਂ ਦਿੱਲੀ ਜਾਣ ਲਈ ਰਵਾਨਾ ਹੋਵੇਗਾ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਗੁਰਬਚਨ ਸਿੰਘ ਚੱਬਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਦੇਸ਼ ਦੇ ਖੇਤੀ ਸੈਕਟਰ ਉੱਤੇ ਸਿੱਧਾ ਹਮਲਾ ਹਨ, ਜੋ ਖੇਤੀ ਮੰਡੀ ਸਮੇਤ ਹੋਰ ਜਨਤਕ ਅਦਾਰਿਆਂ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਤਕ ਜਾਰੀ ਰਹੇਗਾ। ਉਨ੍ਹਾਂ ਦੋਸ਼ ਲਾਇਆ ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਨਵੇਂ ਕਾਨੂੰਨ ਲਿਆ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ।