ਨਿੱਜੀ ਪੱਤਰ ਪ੍ਰੇਰਕ
ਨਵਾਂ ਸ਼ਹਿਰ, 24 ਸਤੰਬਰ
ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪਿੰਡ ਸਜਾਵਲਪੁਰ ਵਿੱਚ ਲੇਖਕ ਸ਼ੇਰ ਸਜਾਵਲਪੁਰੀ ਦੇ ਵਿਹੜੇ ਸਾਹਿਤਕ ਇਕੱਠ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਆਈਐਮਏ ਦੇ ਸੂਬਾ ਪ੍ਰਧਾਨ ਡਾ. ਪਰਮਜੀਤ ਮਾਨ, ਕੇਂਦਰੀ ਲੇਖਕ ਸਭਾ ਦੇ ਕਾਰਜਕਾਰੀ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ, ਪਿੰਡ ਸਜਾਵਲਪੁਰ ਦੇ ਸਰਪੰਚ ਨਿਰਮਲਜੀਤ ਕੌਰ, ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਸਤਪਾਲ ਸਾਹਲੋਂ ਸ਼ਾਮਲ ਸਨ। ਇਨ੍ਹਾਂ ਨੇ ਸਾਂਝੇ ਤੌਰ ’ਤੇ ਸ਼ਮ੍ਹਾ ਰੌਸ਼ਨ ਦੀ ਰਸਮ ਨਿਭਾਈ। ਡਾ. ਪਰਮਜੀਤ ਮਾਨ ਅਤੇ ਪ੍ਰੋ. ਸੰਧੂ ਵਰਿਆਣਵੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਸਾਹਿਤ ਨਾਲ ਜੁੜਣ ਦੀ ਲੋੜ ਹੈ। ਸਮਾਗਮ ਵਿੱਚ ਨਵਜੋਤ ਸਾਹਿਤ ਸੰਸਥਾ ਵਲੋਂ ਸ਼ੇਰ ਸਜਾਵਲਪੁਰੀ ਤੇ ਉਨ੍ਹਾਂ ਦੀ ਪਤਨੀ ਬੀਬੀ ਬਲਵੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਲੇਖਕ ਸ਼ੇਰ ਸਜਾਵਲਪੁਰੀ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਵੀ ਪਾਈ ਅਤੇ ਜੀਵਨ ਸਫ਼ਰ ਬਾਰੇ ਚਾਨਣਾ ਵੀ ਪਾਇਆ। ਮੰਚ ਦਾ ਸੰਚਾਲਨ ਸੁਰਜੀਤ ਮਜਾਰੀ ਨੇ ਕੀਤਾ।