ਸੁਰਜੀਤ ਮਜਾਰੀ
ਬੰਗਾ, 19 ਅਗਸਤ
ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਸਥਾਨਕ ਸੰਤੋਖ ਨਗਰ ’ਚ ਵਿਸ਼ਵਕਰਮਾ ਕੰਪਿਊਟਰਜ਼ ਦੇ ਵਿਹੜੇ ‘ਸਾਹਿਤ ਉਚਾਰਨ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਤਾਨੀਆ ਪੁੱਤਰੀ ਸੁਰਜੀਤ ਚੰਦ ਪਿੰਡ ਖਾਨਖਾਨਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪਿੰਡ ਨੌਰਾ ਦੀ ਰਜਨੀ ਅਤੇ ਪਿੰਡ ਲੜੋਆ ਦਾ ਬਲਪ੍ਰੀਤ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਸੰਸਥਾ ਦੇ ਪ੍ਰਧਾਨ ਸਤਪਾਲ ਸਾਹਲੋਂ, ਸੈਂਟਰ ਦੇ ਸੰਚਾਲਕ ਕੰਵਲਜੀਤ ਕੌਰ ਨੇ ਜੇਤੂ ਪ੍ਰਤੀਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀ ਵਰਗ ਦੇ ਬਹੁਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਰਾਮ ਕੁਮਾਰ ਢਾਹਾਂ, ਨਵਾਜਿਸ਼ ਪੂਨੀਆਂ, ਲਵਦੀਪ ਮੀਰਪੁਰ ਲੱਖਾ, ਹਰਪ੍ਰੀਤ ਨੌਰਾ, ਸਲੋਨੀ ਲੱਖਪੁਰ, ਰਾਜਵਿੰਦਰ ਪੱਲੀ ਝਿੱਕੀ, ਰਜਨੀਸ਼ ਬੰਗਾ, ਭਾਵਨਾ ਸੂਰਾਪੁਰ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਪਿੰਡਾਂ ਵਿੱਚ ਸਾਹਿਤਕ ਸੱਥਾਂ ਸਜਾਉਣ ਦੇ ਮਿਸ਼ਨ ਦੇ ਨਾਲ ‘ਸਾਹਿਤਕ ਸਾਂਝ’ ਅਤੇ ਲੇਖਕਾਂ ਨਾਲ ਰੂ-ਬ-ਰੂ ਕਰਵਾਉਣ ਤਹਿਤ ‘ਲੇਖਕ ਦੇ ਵਿਹੜੇ’ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।
ਭਾਸ਼ਣ ਮੁਕਾਬਲੇ ’ਚ ਹਰਮਨਜੋਤ ਅੱਵਲ
ਤਰਨ ਤਾਰਨ (ਪੱਤਰ ਪ੍ਰੇਰਕ): ਸਥਾਨਕ ਕਲਪਨਾ ਚਾਵਲਾ ਪ੍ਰਗਤੀਸ਼ੀਲ ਸੁਸਾਇਟੀ ਨੇ ਅਮਰੀਕੀ ਰਾਸਟਰਪਤੀ ਅਬਰਾਹਮ ਲਿੰਕਨ ਵੱਲੋਂ ਆਪਣੇ ਬੱਚੇ ਦੇ ਅਧਿਆਪਕ ਨੂੰ ਲਿਖੇ ਪੱਤਰ ਦੇ ਪ੍ਰਸੰਗ ’ਚ ਭਾਸ਼ਣ ਮੁਕਾਬਲੇ ਕਰਵਾਏ। ਮੁਕਾਬਲੇ ਵਿੱਚ ਸ.ਹ. ਸਕੂਲ ਲਾਲੂ ਘੁੰਮਣ ਦੀ ਵਿਦਿਆਰਥਣ ਹਰਮਨਜੋਤ ਕੌਰ ਅੱਵਲ ਰਹੀ। ਮੁਕਾਬਲੇ ਵਿੱਚ ਵੱਖ ਵੱਖ ਸਕੂਲਾਂ ਤੋਂ ਪ੍ਰਤੀਯੋਗੀ ਉਮੀਦਵਾਰਾਂ ਵਲੋਂ ਆਪਣੇ ਭਾਸ਼ਣ ਦੀ ਵੀਡੀਓ ਬਣਾ ਕੇ ਅਪਲਾਈ ਕੀਤਾ ਸੀ। ਜਿਨ੍ਹਾਂ ’ਚੋਂ ਸ.ਹ. ਸਕੂਲ ਲਾਲੂ ਘੁੰਮਣ ਤੋਂ ਹਰਮਨਜੋਤ ਕੌਰ, ਦਿੱਲੀ ਪਬਲਿਕ ਸਕੂਲ ਤੋਂ ਅਸ਼ੀਸ਼ਪਾਲ ਸਿੰਘ, ਪੰਜਾਬ ਚਿਲਡਰਨ ਅਕੈਡਮੀ ਤੋਂ ਪਰਤੀਤ ਕੌਰ ਤੇ ਹਰਪ੍ਰੀਤ ਕੌਰ ਤੇ ਸ.ਹ. ਸਕੂਲ ਠੱਠੀਆਂ ਮਹੰਤਾਂ ਤੋਂ ਹਰਮਨਪ੍ਰੀਤ ਕੌਰ ਪੰਜ ਉਮੀਦਵਾਰ ਹੀ ਕੁਆਲੀਫਾਈ ਕਰ ਸਕੇ। ਹਰਮਨਜੋਤ ਕੌਰ ਦੇ ਭਾਸ਼ਣ ਨੇ ਸਭ ਨੂੰ ਪ੍ਰਭਾਵਿਤ ਕੀਤਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ।