ਜਸਬੀਰ ਸਿੰਘ ਚਾਨਾ
ਫਗਵਾੜਾ, 9 ਮਈ
ਹਫ਼ਤਾਵਰੀ ਲੌਕਡਾਊਨ ਤੇ ਕਰਫਿਊ ਕਰਕੇ ਸ਼ਹਿਰ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਅੱਜ ਸੜਕਾਂ ’ਤੇ ਸੰਨਾਟਾ ਛਾਇਆ ਰਿਹਾ। ਦੁਕਾਨਦਾਰਾਂ ਵਲੋਂ ਵੀ ਆਪਣੀਆਂ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰੱਖੀਆਂ ਗਈਆਂ, ਪਰ ਕੁਝ ਲੋਕ ਬਿਨਾਂ ਕੰਮ ਤੋਂ ਸੜਕਾਂ ’ਤੇ ਘੁੰਮਦੇ ਜ਼ਰੂਰ ਨਜ਼ਰ ਆਏ। ਅਜਿਹੇ ਵਿਅਕਤੀਆਂ ਖ਼ਿਲਾਫ਼ ਪੁਲੀਸ ਨੇ ਕਾਰਵਾਈ ਕਰਦਿਆਂ ਕਰੀਬ 120 ਲੋਕਾਂ ਦੇ ਕਰੋਨਾ ਟੈਸਟ ਕਰਵਾਏ।
ਇਸ ਸਬੰਧੀ ਡੀ.ਐੱਸ.ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਟਰੈਫਿਕ ਪੁਲੀਸ ਨੇ 80, ਪੀ.ਸੀ.ਆਰ ਨੇ 40 ਲੋਕਾਂ ਦੇ ਕਰੋਨਾ ਟੈਸਟ ਕਰਵਾਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵਲੋਂ ਰਾਹਗੀਰਾਂ ਦੇ ਟੈਸਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਗਵਾਉਣ, ਮਾਸਕ ਪਾਉਣ ਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਢਾਬਾ ਖੋਲ੍ਹਣ ਦੇ ਦੋਸ਼ ਹੇਠ ਮਾਲਕ ਗ੍ਰਿਫਤਾਰ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਲੌਕਡਾਊਨ ਸਣੇ ਲਾਈਆਂ ਹੋਰ ਪਾਬੰਦੀਆਂ ਦੇ ਬਾਵਜੂਦ ਇਥੇ ਢਾਬਾ ਖੋਲ੍ਹਣ ਦੇ ਦੋਸ਼ ਹੇਠ ਪੁਲੀਸ ਨੇ ਢਾਬੇ ਦਾ ਮਾਲਕ ਕਾਬੂ ਕੀਤਾ ਹੈ। ਪੁਲੀਸ ਨੇ ਢਾਬੇ ਮਾਲਕ ਵਿਰੁੱਧ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਬਸਤੀ ਬਾਵਾ ਖੇਲ ਦੇ ਏਐੱਸਆਈ ਨੇ ਦੱਸਿਆ ਕਿ ਐਤਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੇਪੀ ਨਗਰ ਸਥਿਤ ਮਾਤਾ ਕਾ ਢਾਬਾ ਲੌਕਡਾਊਨ ਦੌਰਾਨ ਵੀ ਖੁੱਲ੍ਹਿਆ ਹੋਇਆ ਹੈ। ਢਾਬੇ `ਚ ਖਾਣਾ ਖਾਣ ਲਈ ਕੁਝ ਲੋਕ ਵੀ ਆਏ ਹੋਏ ਸਨ। ਜਦੋਂ ਪੁਲੀਸ ਦੀ ਟੀਮ ਮੌਕੇ `ਤੇ ਪੁੱਜੀ ਤਾਂ ਢਾਬਾ ਖੁੱਲ੍ਹਾ ਹੋਇਆ ਸੀ ਤੇ ਅੰਦਰ ਕਈ ਗਾਹਕ ਮੌਜੂਦ ਸਨ। ਇਸ ਦੌਰਾਨ ਪੁਲੀਸ ਨੇ ਸਰਕਾਰੀ ਨੇਮਾਂ ਦੀ ਉਲੰਘਣਾ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਕਰਫਿਊ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ
ਤਰਨ ਤਾਰਨ (ਪੱਤਰ ਪ੍ਰੇਰਕ): ਹਫਤਾਵਰੀ ਕਰਫਿਊ ਦੌਰਾਨ ਬਿਨਾਂ ਕਾਰਨ ਸ਼ਹਿਰ ਅੰਦਰ ਘੁੰਮਦੇ ਸਰਹਾਲੀ ਦੇ ਵਾਸੀ ਕੁਲਵੰਤ ਸਿੰਘ ਨੂੰ ਸਥਾਨਕ ਥਾਣਾ ਸਿਟੀ ਦੀ ਪੁਲੀਸ ਗ੍ਰਿਫ਼ਤਾਰ ਕੀਤਾ ਹੈ, ਜਿਸ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ|