ਬਲਵਿੰਦਰ ਸਿੰਘ ਭੰਗੂ
ਭੋਗਪੁਰ, 1 ਸਤੰਬਰ
ਇਲਾਕੇ ਵਿੱਚ ਜਾਅਲੀ ਕਲੋਨਾਈਜ਼ਰ ਨਗਰ ਕੌਂਸਲ ਭੋਗਪੁਰ ਦੀ ਹੱਦ ਨਾਲ ਸਸਤੇ ਭਾਅ ਖੇਤੀਬਾੜੀ ਵਾਲੀ ਜ਼ਮੀਨ ਖ਼ਰੀਦ ਕੇ ਪੁੱਡਾ ਤੋਂ ਮਾਨਤਾ ਲਏ ਬਿਨਾਂ ਹੀ ਨਾਜਾਇਜ਼ ਕਲੋਨੀਆਂ ਬਣਾ ਰਹੇ ਹਨ। ਭੋਲੇ-ਭਾਲੇ ਲੋਕਾਂ ਨੂੰ ਦੁਕਾਨਾਂ ਤੇ ਰਿਹਾਇਸ਼ੀ ਪਲਾਟ ਮਹਿੰਗੇ ਭਾਅ ਵੇਚ ਦਿੰਦੇ ਹਨ ਪਰ ਸਬੰਧਤ ਸਰਕਾਰੀ ਵਿਭਾਗ ਇਸ ਬਾਰੇ ਗ਼ੌਰ ਨਹੀਂ ਕਰ ਰਿਹਾ। ਬਾਅਦ ਵਿੱਚ ਖ਼ਰੀਦੇ ਹੋਏ ਰਿਹਾਇਸ਼ੀ ਪਲਾਟਾਂ ਤੇ ਦੁਕਾਨਾਂ ਨੂੰ ਕੋਈ ਸਹੂਲਤ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇੱਥੇ ਸੀਵਰੇਜ ਵਿਵਸਥਾ ਨਾ ਹੋਣ ਕਾਰਨ ਖਾਲੀ ਪਲਾਟਾਂ ਵਿਚ ਗੰਦਾ ਪਾਣੀ ਖੜ੍ਹਾ ਹੈ। ਇੱਥੋਂ ਤੱਕ ਕਿ ਇਨ੍ਹਾਂ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਸਰਕਾਰੀ ਤੇ ਗ਼ੈਰ-ਸਰਕਾਰੀ ਕਾਗਜ਼ਾਤ ਬਣਾਉਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲੋਨਾਈਜ਼ਰ ਪਹਿਲਾਂ ਤਾਂ ਕਲੋਨੀ ਵਿੱਚ ਰਸਤੇ, ਪਾਰਕਿੰਗ ਅਤੇ ਹੋਰ ਕਾਰਜਾਂ ਲਈ ਜਗ੍ਹਾ ਛੱਡਦੇ ਹਨ ਬਾਅਦ ਵਿੱਚ ਉਹ ਜਗ੍ਹਾ ’ਤੇ ਵੀ ਪਲਾਟ ਬਣਾ ਕੇ ਵੇਚ ਦਿੰਦੇ ਹਨ।
ਇਸੇ ਤਰ੍ਹਾਂ ਹੀ ਲੁਹਾਰਾਂ-ਚਾਹੜਕੇ ਸੜਕ ਦੇ ਨਾਲ-ਨਾਲ ਨਗਰ ਕੌਂਸਲ ਭੋਗਪੁਰ ਦੀ ਹੱਦ ਨਾਲ ਇੱਕ ਕਲੋਨੀ ਕੱਟੀ ਗਈ ਹੈ ਜਿਹੜੀ ਸਭ ਸਰਕਾਰੀ ਸਹੂਲਤਾਂ ਤੋਂ ਵਾਂਝੀ ਪਈ ਹੈ। ਇਸ ਕਲੋਨੀ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਨਾ ਨਗਰ ਕੌਂਸਲ ਭੋਗਪੁਰ ਵਿੱਚ ਆ ਸਕਦੇ ਹਨ ਅਤੇ ਨਾ ਪਿੰਡ ਲੜੋਈ ਵਿੱਚ ਕਿਉਂਕਿ ਪਿੰਡ ਲੜੋਈ ਇਸ ਕਲੋਨੀ ਤੋਂ ਦੋ ਕਿਲੋਮੀਟਰ ਦੂਰ ਹੈ। ਇਸੇ ਤਰ੍ਹਾਂ ਹੀ ਇੱਕ ਕਲੋਨੀ ਪਚਰੰਗਾ ਅਤੇ ਇੱਕ ਕਲੋਨੀ ਆਦਮਪੁਰ ਰੋਡ ’ਤੇ ਸਥਿਤ ਪਟਰੋਲ ਪੰਪ ਦੇ ਪਿਛਲੇ ਪਾਸੇ ਬਣ ਰਹੀ ਹੈ। ਪਿੰਡ ਪਚਰੰਗਾ ਵਿੱਚ ਪੁੱਡਾ ਅਧਿਕਾਰੀਆਂ ਅਤੇ ਕਲੋਨਾਈਜ਼ਰਾਂ ਵਿੱਚ ਕਲੋਨੀ ਰੋਕਣ ਤੋਂ ਤਕਰਾਰ ਵੀ ਹੋ ਚੁੱਕਾ ਹੈ।
ਨਾਜਾਇਜ਼ ਕਲੋਨੀਆਂ ਦੀ ਜਾਂਚ ਪੜਤਾਲ ਹੋਵੇਗੀ: ਪੁੱਡਾ ਕਮਿਸ਼ਨਰ
ਪੁੱਡਾ ਜਲੰਧਰ ਦੀ ਕਮਿਸ਼ਨਰ ਮੈਡਮ ਬਬੀਤਾ ਨੇ ਕਿਹਾ ਕਿ ਨਾਜਾਇਜ਼ ਕਲੋਨੀਆਂ ਦੀ ਜਾਂਚ ਪੜਤਾਲ ਕਰਾਈ ਜਾਵੇਗੀ ਅਤੇ ਅਖੌਤੀ ਕਲੋਨਾਈਜ਼ਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।