ਲਾਜਵੰਤ ਸਿੰਘ
ਨਵਾਂਸ਼ਹਿਰ, 11 ਸਤੰਬਰ
ਇਥੋਂ ਦੀ ਕਈ ਸੜਕਾਂ ਟੁੱਟ ਚੁੱਕੀਆਂ ਹਨ ਤੇ ਕੋਈ ਵੀ ਵਿਭਾਗ ਉਨ੍ਹਾਂ ਦੀ ਮੁਰੰਮਤ ਕਰਨ ਲਈ ਤਿਆਰ ਨਹੀਂ ਹੈ, ਦੂਜੇ ਪਾਸੇ ਬਿਲਕੁਲ ਵਧੀਆ ਹਾਲਤ ਵਾਲੀ ਸੜਕ ਪੁੱਟ ਕੇ ਦੁਬਾਰਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਂਸ਼ਹਿਰ ਤੋਂ ਪਿੰਡ ਭੌਰਾ ਤੱਕ 17-18 ਕਿਲੋਮੀਟਰ ਸੜਕ ਬਿਲਕੁਲ ਵਧੀਆ ਹਾਲਤ ਵਿੱਚ ਹੋਣ ਦੇ ਬਾਵਜੂਦ ਇਸ ਨੂੰ ਕੁਝ ਥਾਵਾਂ ਤੋਂ ਪੁੱਟ ਕੇ ਬਣਾਉਣ ਤੇ ਬਾਕੀ ’ਤੇ ਪ੍ਰੀਮਿਕਸ ਪਾ ਕੇ ਬਣਾਉਣ ਲਈ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਹੈ।
ਆਰ.ਟੀ.ਆਈ. ਕਾਰਕੁਨ ਪਰਵਿੰਦਰ ਸਿੰਘ ਕਿੱਤਣਾ ਨੇ ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਬੀ.ਕੇ. ਉੱਪਲ, ਐਸ.ਐਸ.ਪੀ. ਜਲੰਧਰ ਦਲਜਿੰਦਰ ਸਿੰਘ ਢਿੱਲੋਂ ਅਤੇ ਡੀ.ਐਸ.ਪੀ. ਨਵਾਂਸ਼ਹਿਰ ਸੁਖਵਿੰਦਰ ਸਿੰਘ ਦੇ ਧਿਆਨ ਵਿੱਚ ਲਿਆਉਂਦਿਆਂ ਸੜਕ ਦਾ ਕੰਮ ਤੁਰੰਤ ਰੋਕਣ ਦੀ ਮੰਗ ਕੀਤੀ ਹੈ ਤਾਂ ਜੋ ਇਸ ਪੈਸੇ ਦੀ ਵਰਤੋਂ ਕਿਸੇ ਹੋਰ ਥਾਂ ਹੋ ਸਕੇ। ਉਨ੍ਹਾਂ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਕਤ ਸੜਕ ਵਧੀਆ ਹਾਲਤ ਵਿੱਚ ਹੈ ਜੇ ਕਿੱਧਰੇ ਮਾਮੂਲੀ ਟੋਆ ਹੈ ਉਸ ਨੂੰ ਪੈਚ ਵਰਕ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ ਪਰ ਮੰਡੀ ਬੋਰਡ ਦੇ ਅਧਿਕਾਰੀ ਇਸ ਸੜਕ ਨੂੰ ਨਵਾਂ ਬਣਾਉਣ ’ਤੇ 1. 50 ਕਰੋੜ ਰੁਪਏ ਦਾ ਖਰਚਾ ਕਰਨ ਜਾ ਰਹੇ ਹਨ। ਉਨ੍ਹਾਂ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਤੁਰੰਤ ਸੜਕ ਦੀ ਹਾਲਤ ਦੇਖ ਕੇ ਇਸ ਦਾ ਕੰਮ ਰੋਕਿਆ ਜਾਵੇ। ਇਸ ਸੜਕ ਨੂੰ ਬਣਾਉਣ ਲਈ ਐਸਟੀਮੇਟ ਬਣਾਉਣ, ਉਸ ਨੂੰ ਪਾਸ ਕਰਨ ਅਤੇ ਹੋਰ ਸਬੰਧਤ ਰਿਪੋਰਟਾਂ ਤਿਆਰ ਕਰਨ ਵਾਲੇ ਅਧਿਕਾਰੀਆਂ ਖਿਲ਼ਾਫ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇ।