ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 6 ਮਾਰਚ
ਯੂਕਰੇਨ ਦੇ ਸ਼ਹਿਰ ਵਿਨਿਤਸੀਆ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਗਈ ਮਨਮੀਤ ਕੌਰ ਸੁੱਖੀਸਾਂਦੀ ਆਪਣੇ ਘਰ ਵਾਪਸ ਆ ਗਈ ਹੈ। ਆਪਣੇ ਨਾਨਕੇ ਘਰ ਕਰਤਾਰਪੁਰ ਵਿੱਚ ਆਪਣੀ ਹੱਡਬੀਤੀ ਸੁਣਾਉਂਦੀ ਹੋਈ ਮਨਮੀਤ ਨੇ ਦੱਸਿਆ ਕਿ ਨੈਸ਼ਨਲ ਪਿਰੋਗੋਵ ਮੈਡੀਕਲ ਯੂਨੀਵਰਸਿਟੀ ਦੇ ਹੋਸਟਲ ਤੋਂ ਬੱਸਾਂ ਰਾਹੀਂ ਰੋਮਾਨੀਆ ਦੇ ਬਾਰਡਰ ਤੋਂ ਛੇ ਕਿਲੋਮੀਟਰ ਪਹਿਲਾਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇੱਥੋਂ ਆਪਣੇ ਸਾਥੀਆਂ ਨਾਲ ਪੈਦਲ ਚੱਲ ਕੇ ਉਹ ਬਾਰਡਰ ’ਤੇ ਪਹੁੰਚੇ ਸਨ। ਬਾਰਡਰ ’ਤੇ ਯੂਕਰੇਨ ਦੀ ਪੁਲੀਸ ਵੱਲੋਂ ਵਿਦਿਆਰਥੀਆਂ ਨਾਲ ਬਹੁਤ ਮਾੜਾ ਸਲੂਕ ਕਰਦਿਆਂ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਬਾਰਡਰ ਪਾਰ ਕਰਨ ਲਈ ਵਿਦਿਆਰਥੀ ਦੋ ਦਿਨ ਲਾਈਨਾਂ ਵਿੱਚ ਖੜ੍ਹੇ ਰਹੇ ਸਨ। ਯੂਕਰੇਨ ਦੀ ਆਰਮੀ ਵੱਲੋਂ ਉਨ੍ਹਾਂ ਨੂੰ ਤੰਗ ਕਰਦੇ ਹੋਏ ਧੱਕੇ ਮਾਰੇ ਗਏ ਅਤੇ ਹਵਾਈ ਫਾਇਰ ਵੀ ਕੀਤੇ ਗਏ। ਇਸ ਕਾਰਨ ਉਥੇ ਲਾਈਨਾਂ ਵਿੱਚ ਖੜ੍ਹੇ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਲਾਈਨਾਂ ਵਿੱਚ ਖੜ੍ਹੇ ਵਿਦਿਆਰਥੀਆਂ ਨੂੰ ਯੂਕਰੇਨ ਵਾਸੀਆਂ ਵੱਲੋਂ ਖਾਣ ਲਈ ਭੋਜਨ ਮੁਹੱਈਆ ਕਰਵਾਇਆ ਗਿਆ ਸੀ। ਉਹ ਭਾਰੀ ਮੁਸ਼ੱਕਤ ਕਰਨ ਉਪਰੰਤ ਯੂਕਰੇਨ ਦਾ ਬਾਰਡਰ ਪਾਰ ਕਰਕੇ ਰੋਮਾਨੀਆ ਵਿੱਚ ਪਹੁੰਚੇ ਅਤੇ ਉੱਥੋਂ ਆਪਣੇ ਦੇਸ਼ ਵਾਪਸ ਆਉਣ ਲਈ ਤਿੰਨ ਸੌ ਦੇ ਕਰੀਬ ਵਿਦਿਆਰਥੀਆਂ ਨਾਲ ਜਹਾਜ਼ ਵਿੱਚ ਸਵਾਰ ਹੋ ਕੇ ਗਾਜ਼ੀਆਬਾਦ ਪਹੁੰਚੇ ਸਨ। ਇਸ ਮੌਕੇ ਮਨਮੀਤ ਦੇ ਪਿਤਾ ਬਖਤਾਵਰ ਸਿੰਘ ਨੇ ਕਿਹਾ ਕਿ ਆਪਣੇ ਦੇਸ਼ ਵਿੱਚ ਮੈਡੀਕਲ ਸਿੱਖਿਆ ਬਹੁਤ ਮਹਿੰਗੀ ਹੈ ਅਤੇ ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣ ਲਈ ਡਾਕਟਰੀ ਦੀ ਪੜ੍ਹਾਈ ਲਈ ਯੂਕਰੇਨ ਵਿੱਚ ਭੇਜਣ ਲਈ ਮਜਬੂਰ ਹੁੰਦੇ ਹਨ।